’23 ਸਾਲਾਂ ਤੋਂ ਛੱਤੀਸਗੜ੍ਹ ਨੂੰ ਲੁੱਟਿਆ ਜਾ ਰਿਹਾ’, ਭਾਜਪਾ ਤੇ ਕਾਂਗਰਸ ‘ਤੇ ਵਰ੍ਹੇ ਅਰਵਿੰਦ ਕੇਜਰੀਵਾਲ

ਰਾਏਪੁਰ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ’ਤੇ ਪਿਛਲੇ 23 ਸਾਲਾਂ ਤੋਂ ਛੱਤੀਸਗੜ੍ਹ ਨੂੰ ਲੁੱਟਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਐਤਵਾਰ ਕਿਹਾ ਕਿ ਪਿਛਲੇ 23 ਸਾਲਾਂ ਵਿੱਚ ਭਾਜਪਾ ਨੇ 15 ਸਾਲ ਰਾਜ ਕੀਤਾ ਜਦੋਂ ਕਿ ਬਾਕੀ ਸਮੇਂ ਲਈ ਕਾਂਗਰਸ ਨੇ ਰਾਜ ਕੀਤਾ। ਉਨ੍ਹਾਂ ਸੂਬੇ ਨੂੰ ਲੁੱਟਣ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਜੇਕਰ ਇ੍ਹਨ੍ਹਾਂ ਵਿੱਚੋਂ ਕੋਈ ਮੁੜ ਸੱਤਾ ਵਿੱਚ ਆਉਂਦਾ ਹੈ ਤਾਂ ਇਹ ਲੁੱਟ ਜਾਰੀ ਰਹੇਗੀ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ‘ਮਾਫੀਆ ਰਾਜ’ ਤੋਂ ਮੁਕਤ ਕਰਵਾਉਣ ਲਈ ਉਨ੍ਹਾਂ ਦੀ ਪਾਰਟੀ ਨੂੰ ਇੱਕ ਮੌਕਾ ਦੇਣ। ਛੱਤੀਸਗੜ੍ਹ ਵਿੱਚ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਬਿਗਲ ਵਜਾਉਂਦੇ ਹੋਏ ਉਨ੍ਹਾਂ ਲੋਕਾਂ ਨੂੰ ਆਪਣੀ ਵੋਟ ਪਾਉਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ।

ਰਾਜਧਾਨੀ ਰਾਏਪੁਰ ਦੇ ਬਾਹਰਵਾਰ ਜੌੜਾ ਮੈਦਾਨ ’ਚ ‘ਆਪ’ ਦੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਉਦਯੋਗਪਤੀ ਗੌਤਮ ਅਡਾਨੀ ਨੂੰ ਆਪਣੇ ਮੂੰਹ ਬੋਲੇ ਭਰਾ ਵਾਂਗ ਪਿਆਰ ਕਰਦੇ ਹਨ ਅਤੇ ਦੇਸ਼ ਦਾ ਸਭ ਕੁਝ ਉਨ੍ਹਾਂ ਨੂੰ ਸੌਂਪ ਰਹੇ ਹਨ। ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ‘ਸੰਤ’ ਅਤੇ ‘ਮਹਾਤਮਾ’ ਦੱਸਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਸਿਸੋਦੀਆ ਨੂੰ ਜੇਲ੍ਹ ‘ਚ ਭੇਜਣ ਲਈ ਦਿੱਲੀ ਦੇ ਵਿਦਿਆਰਥੀਆਂ ਅਤੇ ਗਰੀਬ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।

Add a Comment

Your email address will not be published. Required fields are marked *