ਬਠਿੰਡਾ ਛਾਉਣੀ ‘ਚ ਫਾਇਰਿੰਗ ਦੇ ਮਾਮਲੇ ‘ਚ ਦਰਜ ਹੋਈ FIR

ਬਠਿੰਡਾ: ਏਸ਼ੀਆ ਦੀ ਸਭ ਤੋਂ ਵੱਡੀ ਕਹੀ ਜਾਣ ਵਾਲੀ ਬਠਿੰਡਾ ਛਾਉਣੀ ‘ਚ ਅਨੁਸ਼ਾਸਨ ਉਸ ਸਮੇਂ ਭੰਗ ਹੋ ਗਿਆ ਜਦੋਂ ਬੁੱਧਵਾਰ ਤੜਕੇ 4:35 ਵਜੇ ਗੋਲ਼ੀਬਾਰੀ ਕਰਕੇ 4 ਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਛਾਉਣੀ ਦੇ ਅੰਦਰ ਆਉਣ-ਜਾਣ ‘ਤੇ ਪੂਰਨ ਪਾਬੰਦੀ ਰਹੀ, ਜਦਕਿ ਪੁਲਸ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਘਟਨਾ ਸਬੰਧੀ ਕਈ ਤੱਥ ਸਾਹਮਣੇ ਆਏ ਪਰ ਇਸ ਦੀ ਪੁਸ਼ਟੀ ਕਰਨ ਵਾਲਾ ਕੋਈ ਨਹੀਂ ਹੈ। ਘਟਨਾ ਤੋਂ ਬਾਅਦ ਫੌਜ ਦੇ ਉੱਚ ਅਧਿਕਾਰੀਆਂ ਨੇ ਹੁਕਮ ਜਾਰੀ ਕਰਕੇ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਚਲਾਈ। ਡਰੋਨ ਦੀ ਮਦਦ ਨਾਲ ਕਾਤਲਾਂ ਦੀ ਪਛਾਣ ਕੀਤੀ ਜਾ ਰਹੀ ਹੈ। ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ ਪਰ ਉਥੇ ਫੌਜ ਦੇ ਜਵਾਨ ਦਾ ਪਹਿਰਾ ਲੱਗਾ ਹੋਇਆ ਹੈ।

ਚਾਰੇ ਮ੍ਰਿਤਕ ਤਾਮਿਲਨਾਡੂ ਅਤੇ ਕੇਰਲ ਨਾਲ ਸਬੰਧਤ ਦੱਸੇ ਜਾ ਰਹੇ ਹਨ, ਜੋ 80 ਮੀਡੀਅਮ ਰੈਜੀਮੈਂਟ ਨਾਲ ਸਬੰਧਤ ਸਨ। ਗੋਲ਼ੀ ਚਲਾਉਣ ਵਾਲੇ ਸਾਦੇ ਕੱਪੜਿਆਂ ਵਿੱਚ ਸਨ। 2 ਦਿਨ ਪਹਿਲਾਂ ਇਸ ਰੈਜੀਮੈਂਟ ਦੀ ਇਕ ਰਾਈਫਲ ਅਤੇ 28 ਕਾਰਤੂਸ ਚੋਰੀ ਹੋ ਗਏ ਸਨ, ਜਿਸ ਦੀ ਰਿਪੋਰਟ ਵੀ ਲਿਖੀ ਗਈ ਸੀ ਅਤੇ ਕੁਝ ਦਿਨ ਪਹਿਲਾਂ ਇਕ ਜਵਾਨ ਦੀ ਲਾਸ਼ ਵੀ ਜੰਗਲ ‘ਚੋਂ ਬਰਾਮਦ ਹੋਈ ਸੀ। ਸੈਨਿਕ ਛਾਉਣੀ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਵੱਲੋਂ ਪੁਲਸ ਨੂੰ ਦਰਜ ਕਰਵਾਈ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਉਸ ਨੂੰ ਕਤਲੇਆਮ ਦੀ ਸੂਚਨਾ ਯੂਨਿਟ ਦੇ ਇਕ ਵਾਰਡ ਵਰਕਰ ਵੱਲੋਂ ਦਿੱਤੀ ਗਈ ਸੀ। ਰਜਿਸਟਰਡ ਐੱਫ.ਆਈ.ਆਰ. ਮੁਤਾਬਕ ਚਾਰੇ ਫੌਜੀ ਆਪਣੀ ਬੈਰਕ ਵਿੱਚ ਸੌਂ ਰਹੇ ਸਨ। ਇਸ ਦੌਰਾਨ 2 ਅਣਪਛਾਤੇ ਨਕਾਬਪੋਸ਼ ਵਿਅਕਤੀ ਬੈਰਕ ਵਿੱਚ ਦਾਖਲ ਹੋਏ ਤੇ ਚਾਰਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। ਵਾਰਡ ਕਰਮਚਾਰੀਆਂ ਅਨੁਸਾਰ ਮੁਲਜ਼ਮ ਚਿੱਟੇ ਕੁੜਤੇ-ਪਜਾਮੇ ਵਿੱਚ ਸਨ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ।

ਮੇਜਰ ਸ਼ੁਕਲਾ ਨੇ ਆਪਣੇ ਬਿਆਨ ‘ਚ ਦੱਸਿਆ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੰਗਲ ਵੱਲ ਭੱਜ ਗਏ। ਜਦੋਂ ਫੌਜ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਵੱਡੀ ਗਿਣਤੀ ‘ਚ ਗੋਲ਼ੀਆਂ ਦੇ ਖੋਲ ਅਤੇ 4 ਜਵਾਨਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਦੇਖੀਆਂ। ਐੱਸ.ਪੀ.ਡੀ. ਅਜੇ ਗਾਂਧੀ ਨੇ ਦੱਸਿਆ ਕਿ ਮੇਜਰ ਸ਼ੁਕਲਾ ਦੇ ਬਿਆਨ ‘ਤੇ ਪੁਲਸ ਨੇ 2 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਗੋਲ਼ੀਆਂ ਦੇ ਖੋਲ ਬਰਾਮਦ ਕਰ ਲਏ ਹਨ। ਜਾਣਕਾਰੀ ਮੁਤਾਬਕ ਵਾਰਡ ਦੇ ਜਵਾਨਾਂ ਨੇ ਫੌਜ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਵੇਂ ਜਵਾਨ ਨੂੰ ਵੀ ਮਾਰਨਾ ਚਾਹੁੰਦੇ ਹਨ, ਜਿਸ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਕਾਰਨ ਹਮਲਾਵਰ ਕਾਮਯਾਬ ਨਹੀਂ ਹੋ ਸਕੇ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਘਟਨਾ ਆਪਸੀ ਰੰਜਿਸ਼ ਦਾ ਮਾਮਲਾ ਹੈ, ਜਿਸ ਦਾ ਖੁਲਾਸਾ ਜਾਂਚ ਤੋਂ ਬਾਅਦ ਹੋਵੇਗਾ।

Add a Comment

Your email address will not be published. Required fields are marked *