ਹੋਲੀ ਮੌਕੇ ਦਿੱਲੀ ‘ਚ ਜਾਪਾਨ ਦੀ ਔਰਤ ਨਾਲ ਬਦਸਲੂਕੀ

ਨਵੀਂ ਦਿੱਲੀ: ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਇਕ ਵੀਡੀਓ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਕੁੱਝ ਵਿਅਕਤੀ ਹੋਲੀ ‘ਤੇ ਇਕ ਜਾਪਾਨੀ ਔਰਤ ਨੂੰ ਕਥਿਤ ਤੌਰ ‘ਤੇ ਪਰੇਸ਼ਾਨ ਕਰ ਰਹੇ ਹਨ। ਪੁਲਸ ਨੇ ਦੱਸਿਆ ਕਿ ਉਸ ਨੇ ਵੀਡੀਓ ਦਾ ਨੋਟਿਸ ਲਿਆ ਹੈ ਤੇ ਇਹ ਜਾਂਚ ਕਰ ਰਹੀ ਹੈ ਕਿ ਕੀ ਇਹ ਵੀਡੀਓ ਹੁਣ ਦੀ ਘਟਨਾ ਦੀ ਹੈ ਜਾਂ ਕਿਸੇ ਪੁਰਾਣੀ ਘਟਨਾ ਦੀ।

ਵੀਡੀਓ ਵਿਚ ਦਿਖ ਰਿਹਾ ਹੈ ਕਿ ਕੁੱਝ ਵਿਅਕਤੀ ਵਿਦੇਸ਼ੀ ਔਰਤ ‘ਤੇ ਰੰਗ ਪਾ ਰਹੇ ਹਨ ਤੇ ਉਹ ਪਰੇਸ਼ਾਨ ਹੁੰਦੀ ਦਿਖਦੀ ਹੈ। ਇਕ ਸ਼ਖਸ ਔਰਤ ਦੇ ਸਿਰ ‘ਤੇ ਆਂਡਾ ਮਾਰ ਦਿੰਦਾ ਹੈ। ਵਿਦੇਸ਼ੀ ਔਰਤ ਨੂੰ ਵੀਡੀਓ ‘ਚ ਬਾਏ-ਬਾਏ ਕਹਿੰਦਿਆਂ ਸੁਣਿਆ ਜਾ ਸਕਦਾ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ ਵੀਡੀਓ ਦੀ ਜਾਂਚ ਕਰਨ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰ ਰਹੀ ਹੈ। 

ਮਾਲੀਵਾਲ ਨੇ ਟਵਿਟਰ ‘ਤੇ ਕਿਹਾ, “ਸੋਸ਼ਲ ਮੀਡੀਆ ‘ਤੇ ਬਹੁਤ ਹੀ ਪਰੇਸ਼ਾਨ ਕਰਨ ਵਾਲਾ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦਿਖ ਰਿਹਾ ਹੈ ਕਿ ਹੋਲੀ ‘ਤੇ ਵਿਦੇਸੀ ਨਾਗਰਿਕਾਂ ਦਾ ਜਿਣਸੀ ਸ਼ੋਸ਼ਣ ਕੀਤਾ ਜਾ ਰਿਹਾ ਹੈ। ਮੈਂ ਦਿੱਲੀ ਪੁਲਸ ਨੂੰ ਇਨ੍ਹਾਂ ਵੀਡੀਓਜ਼ ਦੀ ਜਾਂਚ ਕਰਨ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਨੋਟਿਸ ਜਾਰੀ ਕਰ ਰਹੀ ਹਾਂ। ਬਹੁਤ ਸ਼ਰਮਨਾਕ ਵਤੀਰਾ।”

ਕੌਮੀ ਮਹਿਲਾ ਕਮਿਸ਼ਨ ਨੇ ਵੀ ਵੀਡੀਓ ਨੂੰ ਲੈ ਕੇ ਟਵੀਟ ਕੀਤਾ ਤੇ ਦਿੱਲੀ ਪੁਲਸ ਨੂੰ ਮਾਮਲੇ ਵਿਚ ਐੱਫ.ਆਈ.ਆਰ. ਦਰਜ ਕਰਨ ਨੂੰ ਕਿਹਾ। ਟਵੀਟ ‘ਚ ਕਿਹਾ, “ਕੌਮੀ ਮਹਿਲਾ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈ ਲਿਆ ਹੈ। ਪ੍ਰਧਾਨ ਰੇਖਾ ਸ਼ਰਮਾ ਨੇ ਮਾਮਲੇ ਵਿਚ ਤੁਰੰਤ ਐੱਫ.ਆਈ.ਆਰ. ਦਰਜ ਕਰਨ ਲਈ ਪੁਲਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਐੱਨ.ਸੀ.ਡਬਲੀਊ. ਨੇ ਨਿਰਪੱਖ ਤੇ ਸਮਾਂਬੱਧ ਜਾਂਚ ਦੀ ਮੰਗ ਕੀਤੀ ਹੈ। ਵਿਸਥਾਰਤ ਰਿਪੋਰਟ ਕਮਿਸ਼ਨ ਨੂੰ ਦਿੱਤੀ ਜਾਵੇ।” 

ਕੇਂਦਰੀ ਦਿੱਲੀ ਦੇ ਡੀ.ਸੀ.ਪੀ. ਸੰਜੇ ਸੇਨ ਨੇ ਕਿਹਾ ਕਿ ਵੇਰਵਾ ਪਤਾ ਕਰਨ ਲਈ ਵੀਡੀਓ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਵੀਡੀਓ ਪਹਾੜਗੰਜ ਇਲਾਕੇ ਦਾ ਲਗਦੀ ਹੈ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਅਜਿਹੀ ਕੋਈ ਘਟਨਾ ਹੋਈ ਸੀ ਜਾਂ ਇਹ ਪੁਰਾਣੀ ਵੀਡੀਓ ਹੈ। ਪਹਾੜਗੰਜ ਥਾਣੇ ਵਿਚ ਕਿਸੇ ਵਿਦੇਸ਼ੀ ਨਾਗਰਿਕ ਦੇ ਨਾਲ ਬਦਸਲੂਕੀ ਦੀ ਕੋਈ ਸ਼ਿਕਾਇਤ ਜਾਂ ਫ਼ੋਨ ਨਹੀਂ ਆਇਆ।

ਡੀ.ਸੀ.ਪੀ. ਨੇ ਕਿਹਾ ਕਿ ਜਾਪਾਨੀ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੋਲ ਅਜਿਹੀ ਕਿਸੇ ਘਟਨਾ ਦੀ ਕੋਈ ਜਾਣਕਾਰੀ ਨਹੀਂ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਪਹਾੜਗੰਜ ਵਿਚ ਰਹਿ ਰਹੇ ਜਾਪਾਨੀ ਨਾਗਰਿਕਾਂ ਦਾ ਵੇਰਵਾ ਇਕੱਠਾ ਕਰਨ ਤੇ ਸਥਾਨਕ ਖ਼ੁਫੀਆ ਜਾਣਕਾਰੀ ਦੇ ਮਾਧਿਅਮ ਨਾਲ ਵੀਡੀਓ ‘ਚ ਵੇਖੇ ਗਏ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ।

Add a Comment

Your email address will not be published. Required fields are marked *