ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵਧੀਆਂ, ਸਾਵਰਕਰ ਦੇ ਪੋਤਰੇ ਨੇ ਦਰਜ ਕਰਵਾਈ ਸ਼ਿਕਾਇਤ

ਪੁਣੇ : ਹਿੰਦੁਤਵ ਵਿਚਾਰਕ ਵਿਨਾਇਕ ਦਾਮੋਦਰ ਸਾਵਰਕਰ ਦੇ ਪੋਤਰੇ ਨੇ ਬੁੱਧਵਾਰ ਨੂੰ ਇੱਥੇ ਮਹਾਰਾਸ਼ਟਰ ਦੀ ਇਕ ਅਦਾਲਤ ਦਾ ਰੁਖ ਕਰ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਖ਼ਿਲਾਫ਼ ਅਪਰਾਧਕ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਵਿਚ ਉਨ੍ਹਾਂ ਨੇ ਰਾਹੁਲ ਗਾਂਧੀ ‘ਤੇ ਲੰਡਨ ਵਿਚ ਆਪਣੇ ਸੰਬੋਧਨ ਦੌਰਾਨ ਸਾਵਰਕਰ ‘ਤੇ ਝੂਠੇ ਦੋਸ਼ ਲਗਾਉਣ ਦਾ ਇਲਜ਼ਾਮ ਲਗਾਇਆ। 

ਸਾਵਰਕਰ ਦੇ ਪੋਤਰੇ ਸਾਤਯਕੀ ਸਾਵਰਕਰ ਨੇ ਕਿਹਾ ਕਿ ਉਨ੍ਹਾਂ ਦੇ ਵਕੀਲਾਂ ਨੇ ਆਈ.ਪੀ.ਸੀ. ਦੀ ਧਾਰਾ 499 ਤੇ 500 ਦੇ ਤਹਿਤ ਸ਼ਿਕਇਤ ਦੇ ਨਾਲ ਸ਼ਹਿਰ ਦੀ ਇਕ ਅਦਾਲਤ ਦਾ ਰੁਖ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਲੰਡਨ ਵਿਚ ਪ੍ਰਵਾਸੀ ਭਾਰਤੀ ਭਾਈਚਾਰੇ ਦੇ ਨਾਲ ਗੱਲਬਾਤ ਦੌਰਾਨ ਸਾਵਰਕਰ ਦਾ ਵਿਸ਼ਾ ਚੁੱਕਿਆ ਸੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਸਾ ਹੀ ਕਿ ਵੀ.ਡੀ. ਸਾਵਕਰ ਨੇ ਇਕ ਕਿਤਾਬ ਲਿਖੀ ਸੀ ਜਿਸ ਵਿਚ ਕਿਹਾ ਸੀ ਕਿ ਉਹ ਤੇ ਉਨ੍ਹਾਂ ਦੇ 5 ਦੋਸਤ ਇਕ ਮੁਸਲਮਾਨ ਵਿਅਕਤੀ ਨੂੰ ਕੁੱਟ ਰਹੇ ਸਨ ਤੇ ਉਨ੍ਹਾਂ (ਸਾਵਰਕਰ) ਨੂੰ ਖ਼ੁਸ਼ੀ ਹੋਈ। 

ਸਾਤਯਕੀ ਸਾਵਰਕਰ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਦੱਸੀ ਗਈ ਇਹ ਘਟਨਾ ਕਾਲਪਨਿਕ ਹੈ। ਵਿਗਿਆਨਕ ਬਿਰਤੀ ਦੇ ਵਿਅਕਤੀ ਵੀ.ਡੀ. ਸਾਵਰਕਰ ਦੇ ਜੀਵਨ ਵਿਚ ਅਜਿਹੀ ਕੋਈ ਘਟਨਾ ਨਹੀਂ ਸੀ ਵਾਪਰੀ। ਉਹ ਲੋਕਤੰਤਰ ਵਿਚ ਵਿਸ਼ਵਾਸ ਕਰਦੇ ਸਨ ਤੇ ਉਨ੍ਹਾਂ ਨੇ ਮੁਸਲਮਾਨਾਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਦੀ ਸਲਾਹ ਦਿੱਤੀ ਸੀ। ਸਾਵਰਕਰ ਬਾਰੇ ਰਾਹੁਲ ਗਾਂਧੀ ਦਾ ਬਿਆਨ ਝੂਠਾ, ਮੰਦਭਾਗਾ ਤੇ ਅਪਮਾਨਜਨਕ ਸੀ। ਸਾਵਰਕਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੋਂ ਬਾਅਦ ਅਸੀਂ ਚੁੱਪ ਨਾ ਰਹਿਣ ਦਾ ਫ਼ੈਸਲਾ ਕੀਤਾ ਤੇ ਮਾਣਹਾਨੀ ਦਾ ਮੁਕੱਦਮਾ ਦਾਖ਼ਲ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਗੱਲਬਾਤ ਦੌਰਾਨ ਇਸ ਤਰ੍ਹਾਂ ਦੀ ਟਿੱਪਣੀ ਦਾ ਰਾਹੁਲ ਗਾਂਧੀ ਦਾ ਇਕ ਵਿਡਿਓ ਵੀ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Add a Comment

Your email address will not be published. Required fields are marked *