ਵਪਾਰਕ ਸਬੰਧਾਂ ‘ਚ ਸੁਧਾਰ, ਆਸਟ੍ਰੇਲੀਆ-ਚੀਨ ਵਿਚਾਲੇ ਜੌਂ ਵਿਵਾਦ ‘ਤੇ ਗੱਲਬਾਤ ਸ਼ੁਰੂ

ਆਸਟ੍ਰੇਲੀਆ ਅਤੇ ਚੀਨ ਵਿਚਾਲੇ ਵਪਾਰਕ ਸਬੰਧ ਸੁਧਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਕਿਹਾ ਕਿ ਚੀਨ ਆਸਟ੍ਰੇਲੀਆਈ ਜੌਂ ‘ਤੇ ਲਗਾਏ ਗਏ ਟੈਕਸਾਂ ਦੀ ਤੁਰੰਤ ਸਮੀਖਿਆ ਲਈ ਸਹਿਮਤ ਹੋ ਗਿਆ ਹੈ। ਇਸ ਵਿਚ ਤਿੰਨ ਤੋਂ ਚਾਰ ਮਹੀਨੇ ਲੱਗ ਸਕਦੇ ਹਨ। ਬਦਲੇ ਵਿੱਚ ਅਸੀਂ ਡਬਲਯੂ.ਟੀ.ਓ. ਵਿੱਚ ਦਾਇਰ ਕੀਤੀ ਗਈ ਆਪਣੀ ਪਟੀਸ਼ਨ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਲਈ ਸਹਿਮਤ ਹੋ ਗਏ ਹਾਂ।” ਆਸਟ੍ਰੇਲੀਆ ਆਪਣੀ ਪਟੀਸ਼ਨ ਨੂੰ ਤਿੰਨ ਮਹੀਨਿਆਂ ਤੱਕ ਮੁਅੱਤਲ ਕਰ ਦੇਵੇਗਾ ਜਦੋਂ ਤੱਕ ਕਿ ਚੀਨ ਸਮੀਖਿਆ ਨਹੀਂ ਕਰ ਲੈਂਦਾ।

ਦੋਵਾਂ ਦੇਸ਼ਾਂ ਦੇ ਸਬੰਧਾਂ ‘ਚ ਤੇਜ਼ੀ ਨਾਲ ਸੁਧਾਰ ਕਰਨ ਦੀ ਦਿਸ਼ਾ ‘ਚ ਇਸ ਨੂੰ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਚੀਨ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ, ਪਰ ਪਿਛਲੇ ਤਿੰਨ ਸਾਲਾਂ ਤੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਮਈ 2020 ‘ਚ ਚੀਨ ਨੇ ਆਸਟ੍ਰੇਲੀਆ ਦੇ ਜੌਂ ‘ਤੇ ਪੰਜ ਸਾਲਾਂ ਲਈ 80 ਫੀਸਦੀ ਡਿਊਟੀ ਲਗਾਈ ਸੀ। ਇਸ ਕਾਰਨ ਡੇਢ ਅਰਬ ਆਸਟ੍ਰੇਲੀਅਨ ਡਾਲਰ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਆਸਟ੍ਰੇਲੀਆ ਦੀ ਪਿਛਲੀ ਲਿਬਰਲ ਸਰਕਾਰ ਨੇ ਚੀਨ ਦੇ ਫ਼ੈਸਲੇ ਵਿਰੁੱਧ ਡਬਲਯੂ.ਟੀ.ਓ. ਵਿੱਚ ਸ਼ਿਕਾਇਤ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਚੀਨ ਦਾ ਟੈਕਸ ਅੰਤਰਰਾਸ਼ਟਰੀ ਵਪਾਰ ਨਿਯਮਾਂ ਦੇ ਵਿਰੁੱਧ ਹੈ। ਡਬਲਯੂ.ਟੀ.ਓ. ਕੁਝ ਦਿਨਾਂ ‘ਚ ਇਸ ਸਬੰਧ ‘ਚ ਆਪਣੀ ਰਿਪੋਰਟ ਪੇਸ਼ ਕਰਨ ਵਾਲਾ ਸੀ ਪਰ ਹੁਣ ਆਸਟ੍ਰੇਲੀਆ ਨੇ ਆਪਣੀ ਸ਼ਿਕਾਇਤ ‘ਤੇ ਰੋਕ ਲਗਾ ਦਿੱਤੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਕਿਹਾ ਕਿ ਜੇਕਰ ਚੀਨ ਟੈਕਸ ਨਹੀਂ ਹਟਾਉਂਦਾ ਤਾਂ ਆਸਟ੍ਰੇਲੀਆ ਆਪਣੀ ਸ਼ਿਕਾਇਤ ਅੱਗੇ ਵਧਾਏਗਾ।” ਬੇਸ਼ੱਕ ਸਬੰਧਾਂ ਨੂੰ ਸਥਿਰ ਕਰਨ ਅਤੇ ਵਪਾਰਕ ਵਿਵਾਦਾਂ ਨੂੰ ਸੁਲਝਾਉਣ ਲਈ ਸਮਾਂ ਲੱਗੇਗਾ, ਪਰ ਸਾਨੂੰ ਖੁਸ਼ੀ ਹੈ ਕਿ ਉਸਾਰੂ ਗੱਲਬਾਤ ਸ਼ੁਰੂ ਹੋਈ ਹੈ। 

ਪਿਛਲੇ ਸਾਲ ਸੱਤਾ ‘ਚ ਆਉਣ ਤੋਂ ਬਾਅਦ ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਚੀਨ ਨਾਲ ਸਬੰਧਾਂ ਨੂੰ ਸੁਧਾਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਪਿਛਲੇ ਸਾਲ ਦਸੰਬਰ ਵਿੱਚ ਪੈਨੀ ਵੋਂਗ ਨੇ ਚੀਨ ਦਾ ਦੌਰਾ ਕੀਤਾ, ਜਿੱਥੇ ਉਸਨੇ 6ਵੀਂ ਆਸਟ੍ਰੇਲੀਆ-ਚੀਨ ਵਿਦੇਸ਼ੀ ਅਤੇ ਰਣਨੀਤਕ ਸਲਾਹ-ਮਸ਼ਵਰੇ ਵਿੱਚ ਹਿੱਸਾ ਲਿਆ। ਫਿਰ ਉਹ ਚੀਨ ਦੇ ਤਤਕਾਲੀ ਵਿਦੇਸ਼ ਮੰਤਰੀ ਵਾਂਗ ਯੀ ਨੂੰ ਵੀ ਮਿਲੇ ਸਨ। ਇਸ ਤੋਂ ਪਹਿਲਾਂ ਪਿਛਲੇ ਸਾਲ ਬਾਲੀ ‘ਚ ਜੀ-20 ਦੇਸ਼ਾਂ ਦੀ ਬੈਠਕ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵੀ ਮੁਲਾਕਾਤ ਕੀਤੀ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਸੀ, ਜਿਸ ਦਾ ਮਾਹਿਰਾਂ ਨੇ ਸਵਾਗਤ ਕੀਤਾ ਸੀ। 

ਆਸਟ੍ਰੇਲੀਆ ਲਈ ਚੀਨ ਨਾਲ ਸਬੰਧਾਂ ਵਿਚ ਸੰਤੁਲਨ ਅਤੇ ਸੁਧਾਰ ਦੀ ਬਹੁਤ ਲੋੜ ਹੈ। ਲੇਬਰ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਆਸਟ੍ਰੇਲੀਆ ਦਾ ਚੀਨ ਪ੍ਰਤੀ ਰਵੱਈਆ ਨਰਮ ਹੋਇਆ ਹੈ, ਪਰ ਦੋਵਾਂ ਦੇਸ਼ਾਂ ਵਿਚਾਲੇ ਅਜੇ ਵੀ ਕਈ ਚੁਣੌਤੀਆਂ ਹਨ। ਦੋ ਸਾਲਾਂ ਲਈ ਚੀਨ ਨੇ ਆਸਟ੍ਰੇਲੀਆ ਤੋਂ ਕੋਲੇ ‘ਤੇ ਪਾਬੰਦੀ ਲਗਾਈ ਸੀ, ਜਿਸ ਨੂੰ ਪਿਛਲੇ ਸਾਲ ਹੀ ਹਟਾ ਦਿੱਤਾ ਗਿਆ ਸੀ। ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜੌਂ ਵਾਂਗ ਗੱਲਬਾਤ ਰਾਹੀਂ ਹੋਰ ਉਤਪਾਦਾਂ ‘ਤੇ ਪਾਬੰਦੀਆਂ ਨੂੰ ਵੀ ਹਟਾਇਆ ਜਾ ਸਕਦਾ ਹੈ। ਉਸ ਨੇ ਕਿਹਾ ਕਿ “ਜੇਕਰ ਜੌਂ ਟੈਕਸ ਨੂੰ ਹਟਾਉਣ ਦਾ ਇਹ ਸਮਝੌਤਾ ਸਫਲ ਹੁੰਦਾ ਹੈ, ਤਾਂ ਆਸਟ੍ਰੇਲੀਆ ਉਮੀਦ ਕਰੇਗਾ ਕਿ ਇਹ ਪ੍ਰਕਿਰਿਆ ਵਾਈਨ ਦੇ ਵਪਾਰ ਲਈ ਵਪਾਰਕ ਰੁਕਾਵਟਾਂ ਨੂੰ ਵੀ ਦੂਰ ਕਰੇਗੀ।”

Add a Comment

Your email address will not be published. Required fields are marked *