ਦਿੱਲੀ ‘ਚ ਨਿਤੀਸ਼ ਕੁਮਾਰ ਦੀ ਲਾਲੂ ਪ੍ਰਸਾਦ ਨਾਲ ਮੁਲਾਕਾਤ, ਮੌਜੂਦਾ ਸਿਆਸੀ ਸਥਿਤੀ ‘ਤੇ ਕੀਤੀ ਚਰਚਾ

ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੰਗਲਵਾਰ ਨੂੰ ਇੱਥੇ ਪਹੁੰਚ ਕੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਨਾਲ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਕੁਮਾਰ ਨੇ 2024 ਦੀਆਂ ਸੰਸਦੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ਲਈ ਵਿਰੋਧੀ ਏਕਤਾ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਮੌਜੂਦਾ ਸਿਆਸੀ ਸਥਿਤੀ ‘ਤੇ ਚਰਚਾ ਕੀਤੀ।

ਬਿਹਾਰ ਦੇ 2 ਵੱਡੇ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਉਸ ਦਿਨ ਹੋਈ ਜਦੋਂ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਕਥਿਤ ਨੌਕਰੀ ਬਦਲੇ ਜ਼ਮੀਨ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਲਈ ਦਿੱਲੀ ‘ਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਏ। ਰਾਸ਼ਟਰੀ ਰਾਜਧਾਨੀ ਪਹੁੰਚਣ ਤੋਂ ਬਾਅਦ ਨਿਤੀਸ਼ ਕੁਮਾਰ ਮੀਸਾ ਭਾਰਤੀ ਦੇ ਘਰ ਗਏ, ਜਿੱਥੇ ਲਾਲੂ ਪ੍ਰਸਾਦ ਠਹਿਰੇ ਹੋਏ ਹਨ। ਕੁਮਾਰ ਨੇ ਲਾਲੂ ਪ੍ਰਸਾਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਇਕ ਸੂਤਰ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਮੌਜੂਦਾ ਸਿਆਸੀ ਸਥਿਤੀ ‘ਤੇ ਵੀ ਚਰਚਾ ਕੀਤੀ।

ਆਪਣੀ ਦਿੱਲੀ ਫੇਰੀ ਦੌਰਾਨ ਨਿਤੀਸ਼ ਕੁਮਾਰ ਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਮੇਤ ਕਈ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਦੀ ਸੰਭਾਵਨਾ ਹੈ। ਨਿਤੀਸ਼ ਕੁਮਾਰ ਪਹਿਲਾਂ ਵੀ ਕਈ ਵਾਰ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਹੱਥ ਮਿਲਾਉਣ ਦੀ ਸਲਾਹ ਦੇ ਚੁੱਕੇ ਹਨ। ਫਰਵਰੀ ‘ਚ ਨਿਤੀਸ਼ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਜੇਕਰ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਇਕਜੁੱਟ ਹੋ ਕੇ ਲੜਦੀਆਂ ਹਨ ਤਾਂ ਭਾਜਪਾ 100 ਤੋਂ ਘੱਟ ਸੀਟਾਂ ਤੱਕ ਸਿਮਟ ਜਾਵੇਗੀ।

ਨਿਤੀਸ਼ ਕੁਮਾਰ ਪਿਛਲੇ ਸਾਲ ਸਤੰਬਰ ਵਿੱਚ ਦਿੱਲੀ ਵੀ ਗਏ ਸਨ ਜਦੋਂ ਉਹ ਸ਼ਰਦ ਪਵਾਰ, ਅਰਵਿੰਦ ਕੇਜਰੀਵਾਲ, ਡੀ ਰਾਜਾ, ਸੀਤਾਰਾਮ ਯੇਚੁਰੀ ਅਤੇ ਅਖਿਲੇਸ਼ ਯਾਦਵ ਵਰਗੇ ਨੇਤਾਵਾਂ ਨੂੰ ਮਿਲੇ ਸਨ। ਬਿਹਾਰ ‘ਚ ਜਨਤਾ ਦਲ (ਯੂ), ਆਰਜੇਡੀ, ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਸੱਤਾਧਾਰੀ ਗੱਠਜੋੜ ਦਾ ਹਿੱਸਾ ਹਨ।

Add a Comment

Your email address will not be published. Required fields are marked *