ਵਿਦੇਸ਼ਾਂ ’ਚ ਬੈਠ ਕੇ ਗੈਂਗ ਚਲਾਉਣ ਵਾਲੇ ਗੈਂਗਸਟਰਾਂ ਦੀ ਖੈਰ ਨਹੀਂ, ਸ਼ੁਰੂ ਹੋਇਆ ਆਪ੍ਰੇਸ਼ਨ ਕਲੀਨ

ਨਵੀਂ ਦਿੱਲੀ – ਦਿੱਲੀ ਦੇ ਅਪਰਾਧੀਆਂ ਦੀ ਖੈਰ ਨਹੀਂ, ਦਿੱਲੀ ਸਪੈਸ਼ਲ ਸੈੱਲ ਨੇ ‘ਆਪ੍ਰੇਸ਼ਨ ਕਲੀਨ’ ਸ਼ੁਰੂ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਆਪ੍ਰੇਸ਼ਨ ਕਾਰਨ ਦਿੱਲੀ ਦੇ ਸਾਰੇ ਟਾਪ ਵਾਂਟੇਡ ਅਪਰਾਧੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ। ਦੱਸਿਆ ਜਾਂਦਾ ਹੈ ਕਿ ਦਿੱਲੀ ਪੁਲਸ ਦੇ ਕਮਿਸ਼ਨਰ ਸੰਜੇ ਅਰੋੜਾ ਨੇ ਹਾਲ ਹੀ ’ਚ ਵੱਧ ਰਹੇ ਅਪਰਾਧਾਂ ਨੂੰ ਲੈ ਕੇ ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਦੀ ਸਾਂਝੀ ਮੀਟਿੰਗ ਕੀਤੀ ਸੀ, ਜਿਸ ’ਚ ਉਨ੍ਹਾਂ ਸਪੱਸ਼ਟ ਸੰਕੇਤ ਦਿੱਤਾ ਸੀ ਕਿ ਰਾਜਧਾਨੀ ’ਚ ਚੱਲ ਰਹੇ ਸਾਰੇ ਸੰਗਠਿਤ ਗੈਂਗ ਦੀ ਕਮਰ ਨੂੰ ਪੂਰੀ ਤਰ੍ਹਾਂ ਤੋੜਿਆ ਜਾਵੇ ਅਤੇ ਵਾਂਟੇਡ ਦੀ ਸੂਚੀ ’ਚ ਸ਼ਾਮਲ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇ। ਇਸ ਤਹਿਤ ਹੁਣ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਏਜੰਸੀਆਂ ਨਾਲ ਹੱਥ ਮਿਲਾਇਆ ਹੈ।

ਟਾਪ ਵਾਂਟੇਡ ਦੀ ਸੂਚੀ ’ਚ ਸ਼ਾਮਲ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਅਤੇ ਬੀਤੇ ਸ਼ਨੀਵਾਰ ਨੂੰ ਬਿਹਾਰ ਦੇ ਛਪਰਾ ਤੋਂ ਮਨੀਸ਼ ਸਾਹੂ ਉਰਫ ਨਾਟਾ ਨੂੰ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਬਾਅਦ ਉਮੀਦਵਾਰਾਂ ਦੀ ਸੂਚੀ ’ਚ 10 ਦੀ ਬਜਾਏ 7 ਤੋਂ 8 ਨਾਮ ਰਹਿ ਗਏ ਹਨ। ਗ੍ਰਹਿ ਮੰਤਰਾਲਾ ਮੁਤਾਬਕ ਕੁਝ ਸਮਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਅਜਿਹੇ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਇਸ ’ਚ ਐੱਨ. ਸੀ. ਆਰ. ਦੇ ਅਜਿਹੇ 5 ਗੈਂਗਸਟਰਾਂ ਸਮੇਤ ਦੇਸ਼ ਭਰ ਦੇ ਕੁੱਲ੍ਹ 28 ਗੈਂਗਸਟਰਾਂ ਦੇ ਨਾਂ ਸ਼ਾਮਲ ਹਨ।

ਐੱਨ. ਆਈ. ਏ. ਨੇ ਇਨਪੁਟ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਬਾਅਦ ਕਈ ਹੋਰ ਗੈਂਗਸਟਰ ਵੀ ਉਸੇ ਤਰਜ਼ ’ਤੇ ਬਾਲੀਵੁੱਡ ਅਦਾਕਾਰਾਂ ਅਤੇ ਗਾਇਕਾਂ ਦੀਆਂ ਕਾਂਟ੍ਰੈਕਟ ਕਿਲਿੰਗ ਕਰਨਾ ਚਾਹੁੰਦੇ ਹਨ ਤਾਂ ਜੋ ਇਨ੍ਹਾਂ ਦੇ ਗੈਂਗ ਦਾ ਨਾਂ ਟਾਪ ਲਿਸਟ ’ਚ ਸ਼ਾਮਲ ਹੋਵੇ, ਇੰਨਾ ਹੀ ਨਹੀਂ ਉਹ ਦੂਜੇ ਸੂਬਿਆਂ ’ਚ ਵੀ ਆਪਣੀਆਂ ਟੀਮਾਂ ਤਿਆਰ ਕਰ ਕੇ ਕਿਡਨੈਪਿੰਗ, ਡਰੱਗਜ਼ ਸਮੇਤ ਹਰ ਤਰ੍ਹਾਂ ਦੇ ਕਾਲੇ ਕਾਰਨਾਮੇ ਕਰ ਰਹੇ ਹਨ।

Add a Comment

Your email address will not be published. Required fields are marked *