ਆਦਿਵਾਸੀਆਂ ਨੂੰ ਬੇਘਰ ਕਰਨਾ ਚਾਹੁੰਦੀ ਹੈ ਭਾਜਪਾ: ਰਾਹੁਲ ਗਾਂਧੀ

ਮਹੂਵਾ/ਰਾਜਕੋਟ, 21 ਨਵੰਬਰ– : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ‘ਭਾਰਤ ਜੋੜੋ’ ਯਾਤਰਾ ਦੌਰਾਨ ਕਿਸਾਨਾਂ, ਨੌਜਵਾਨਾਂ ਤੇ ਆਦਿਵਾਸੀਆਂ ਦੀ ਪੀੜ ਨੂੰ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੂੰ ਘਰੋਂ ਬੇਘਰ ਕਰਨ ਲਈ ਭਾਜਪਾ ਯੋਜਨਾਵਾਂ ਘੜ ਰਹੀ ਹੈ। ਜੰਗਲ ਸਨਅਤਕਾਰਾਂ ਹਵਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਭਾਜਪਾ ’ਤੇ ਮੋਰਬੀ ਪੁਲ ਹਾਦਸੇ ਦੇ ‘ਅਸਲ ਦੋਸ਼ੀਆਂ’ ਨੂੰ ਬਚਾਉਣ ਦਾ ਦੋਸ਼ ਵੀ ਲਾਇਆ। ਸ੍ਰੀ ਗਾਂਧੀ ਆਪਣੀ ‘ਭਾਰਤ ਜੋੜੋ’ ਯਾਤਰਾ, ਜੋ ਅੱਜ ਕੱਲ੍ਹ ਮਹਾਰਾਸ਼ਟਰ ਵਿੱਚ ਹੈ, ਵਿੱਚੋਂ ਸਮਾਂ ਕੱਢ ਕੇ ਆਗਾਮੀ ਗੁਜਰਾਤ ਅਸੈਂਬਲੀ ਚੋਣਾਂ ਲਈ ਸੂਰਤ ਜ਼ਿਲ੍ਹੇ ਦੇ ਮਹੂਵਾ ਤੇ ਰਾਜਕੋਟ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਗੁਜਰਾਤ ਅਸੈਂਬਲੀ ਲਈ ਪਹਿਲੇ ਗੇੜ ਤਹਿਤ ਪਹਿਲੀ ਦਸੰਬਰ ਨੂੰ ਵੋਟਾਂ ਪੈਣੀਆਂ ਹਨ।

ਗੁਜਰਾਤ ਚੋਣਾਂ ਦੇ ਐਲਾਨ ਮਗਰੋਂ ਸੂਬੇ ਵਿੱਚ ਆਪਣੀ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਆਖਿਆ ਕਿ ਆਦਿਵਾਸੀ ਦੇਸ਼ ਦੇ ਪਹਿਲੇ ਮਾਲਕ ਹਨ, ਪਰ ਭਾਜਪਾ ਉਨ੍ਹਾਂ ਦੇ ਜੰਗਲ ਖੋਹਣ ਤੇ ਉਨ੍ਹਾਂ ਦੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਤੋਂ ਦੂਰ ਕਰਨ ਲਈ ਕੰਮ ਕਰ ਰਹੀ ਹੈ। ਸੂਰਤ ਜ਼ਿਲ੍ਹੇ ਦੇੇ ਮਹੂਵਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ 3570 ਕਿਲੋਮੀਟਰ ਲੰਮੀ ਯਾਤਰਾ, ਜੋ 7 ਸਤੰਬਰ ਨੂੰ ਤਾਮਿਲਨਾਡੂ ਤੋਂ ਸ਼ੁਰੂ ਹੋਈ ਸੀ, ਦੇਸ਼ ਨੂੰ ਇਕਜੁੱਟ ਕਰਨ ਲਈ ਹੈ। ਹੁਣ ਤੱਕ ਕੀਤੀ ਪਦਯਾਤਰਾ ਦੌਰਾਨ ਉਨ੍ਹਾਂ ਕਿਸਾਨਾਂ, ਨੌਜਵਾਨਾਂ ਤੇ ਆਦਿਵਾਸੀ ਭਾਈਚਾਰੇ ਦੀਆਂ ਮੁਸ਼ਕਲਾਂ ਸੁਣਨ ਮਗਰੋਂ ਉਨ੍ਹਾਂ ਦੀ ਪੀੜ ਨੂੰ ਮਹਿਸੂਸ ਕੀਤਾ ਹੈ। ਹਾਲੀਆ ਸਾਲਾਂ ਵਿੱਚ ਵਧਦੇ ਲਾਗਤ ਖਰਚਿਆਂ, ਫ਼ਸਲਾਂ ਦੇ ਭਾਅ ਨੂੰ ਲੈ ਕੇ ਬੇਯਕੀਨੀ ਤੇ ਫਸਲ ਬੀਮਾ ਯੋਜਨਾਵਾਂ ਦੀ ਨਾਕਾਮੀ ਨੇ ਕਿਸਾਨਾਂ ਨੂੰ ਲੰਮੇ ਸਮੇਂ ਤੋਂ ਦਰਪੇਸ਼ ਮੁਸ਼ਕਲਾਂ ਨੂੰ ਬਦ ਤੋਂ ਬਦਤਰ ਕਰ ਛੱਡਿਆ ਹੈ। ਸੂਬੇ ਦੇ ਨੌਜਵਾਨ ਸਖ਼ਤ ਮਿਹਨਤ ਤੇ ਸਮਰਪਣ ਭਾਵਨਾ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੰਮ ਨਾ ਲੱਭਣ ਕਰਕੇ ਫ਼ਿਕਰਾਂ ਵਿੱਚ ਹਨ। ਸੂਬੇ ਵਿੱਚ ਆਦਿਵਾਸੀਆਂ ਦੀ ਚੀਖੋ-ਪੁਕਾਰ ਵੀ ਸੁਣਦੀ ਹੈ। ਕੇਰਲਾ ਤੋਂ ਲੋਕ ਸਭਾ ਮੈਂਬਰ ਨੇ ਸੱਤਾਧਾਰੀ ਭਾਜਪਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਉਹ ਆਦਿਵਾਸੀਆਂ ਨੂੰ ਆਧੁਨਿਕ ਸਿਹਤ ਤੇ ਸਿੱਖਿਆ ਸਹੂਲਤਾਂ ਤੋਂ ਵਿਰਵੇਂ ਰੱਖਣਾ ਚਾਹੁੰਦੀ ਹੈ। ਰਾਹੁਲ ਨੇ ਆਪਣੀ ਦਾਦੀ ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਕ ਵਾਰ ਉਨ੍ਹਾਂ ਮੈਨੂੰ ਆਦਿਵਾਸੀ ਬੱਚੇ ਬਾਰੇ ਕਿਤਾਬ ਦਿੱਤੀ ਸੀ। ਰਾਜਕੋਟ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਮੋਰਬੀ ਪੁਲ ਹਾਦਸੇ, ਜਿਸ ਵਿੱਚ 135 ਲੋਕਾਂ ਦੀ ਜਾਨ ਜਾਂਦੀ ਰਹੀ ਸੀ, ਦੇ ਹਵਾਲੇ ਨਾਲ ਕਿਹਾ ਕਿ ਹਾਦਸੇ ਵਾਲੀ ਥਾਂ ਤਾਇਨਾਤ ਚੌਕੀਦਾਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹੀਂ ਡੱਕ ਦਿੱਤਾ, ਪਰ ਅਸਲ ਦੋਸ਼ੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ। 

Add a Comment

Your email address will not be published. Required fields are marked *