ਬਾਬਾ ਸਾਹਿਬ ਅੰਬੇਡਕਰ ਦਾ 132ਵਾਂ ਜਨਮ ਦਿਵਸ ਪਹਿਲੀ ਵਾਰ ਬੌਨ ਯੂਨੀਵਰਸਿਟੀ ਜਰਮਨ ਵਿਖੇ ਮਨਾਇਆ ਜਾਵੇਗਾ

ਰੋਮ : ਹਿੰਦੁਸਤਾਨ ਦੇ ਖੋਖਲੇ ਭਿੰਨ-ਭੇਦ, ਊਚ-ਨੀਚ ਤੇ ਜਾਤੀਵਾਦੀ ਵਾਲੇ ਸਿਸਟਮ ਨੂੰ ਖ਼ਤਮ ਕਰਕੇ ਸਰਬਸਾਂਝੇ ਤੇ ਲੋਕ ਹਿਤੈਸ਼ੀ ਭਾਰਤੀ ਸੰਵਿਧਾਨ ਦੀ ਸਿਰਜਣਾ ਕਰਨ ਵਾਲੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਉਸ ਸਮੇਂ ਦੇ ਸਭ ਤੋਂ ਵੱਧ ਸਿੱਖਿਅਤ ਏਸ਼ੀਅਨ ਆਗੂ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਸਾਹਿਬ, ਜਿਨ੍ਹਾਂ ਨੇ ਅਮਰੀਕਾ, ਇੰਗਲੈਂਡ ਸਮੇਤ ਜਰਮਨ ਦੀ ਯੂਨੀਵਰਸਿਟੀ ਬੌਨ ਤੋਂ ਪੜ੍ਹਾਈ ਕਰਕੇ ਇਤਿਹਾਸ ਰਚਿਆ।

ਉਨ੍ਹਾਂ ਦੀ 132ਵੀਂ ਜਯੰਤੀ ਬੌਨ ਯੂਨੀਵਰਸਿਟੀ ਜਰਮਨ ਵਿਖੇ ਹੀ ਯੂਰਪ ਦੇ ਸਮੂਹ ਅੰਬੇਡਕਰੀ ਸਾਥੀਆਂ ਦੇ ਸਹਿਯੋਗ ਨਾਲ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਜਰਮਨੀ ਵੱਲੋਂ 15 ਅਪ੍ਰੈਲ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਈ ਜਾ ਰਹੀ ਹੈ,  ਜਿਸ ’ਚ ਯੂਰਪ ਦੇ ਨਾਮੀ ਅੰਬੇਡਕਰੀ ਸਾਥੀ, ਮਿਸ਼ਨਰੀ ਪ੍ਰਚਾਰਕ ਤੇ ਬੁੱਧੀਜੀਵੀ ਵਰਗ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਡੂੰਘੀਆਂ ਵਿਚਾਰਾਂ ਕਰਨਗੇ ਅਤੇ ਉਨ੍ਹਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਸਬੰਧੀ ਵਿਉਂਤਬੰਦੀ ਨੂੰ ਸਾਰਥਿਕ ਕਰਨ ਦਾ ਉਪਰਾਲਾ ਕਰਨਗੇ। ਇਸ ਮਹਾਨ ਦਿਨ ਮੌਕੇ ਮਿਸ਼ਨ ਦੇ ਪ੍ਰਸਿੱਧ ਲੇਖਕ ਸੋਹਨ ਲਾਲ ਸਾਂਪਲਾ ਦੀ ਮਿਸ਼ਨ ਨੂੰ ਸਮਰਪਿਤ ਲਿਖੀ ਕਿਤਾਬ ਵਿਦੇਸ਼ਾਂ ’ਚ ਅੰਬੇਡਕਰੀ ਮਿਸ਼ਨ ਅਤੇ ਬੁੱਧ ਧੰਮ ਵੀ ਅੰਬੇਡਕਰੀ ਸਮਾਜ ਦੇ ਸਨਮੁੱਖ ਕੀਤੀ ਜਾਵੇਗੀ।

ਜਰਮਨ ਦੀ ਪ੍ਰਸਿੱਧ ਯੂਨੀਵਰਸਿਟੀ ਬੌਨ ਜਿੱਥੇ ਸੰਨ 1922 ’ਚ ਪੜ੍ਹਾਈ ਕੀਤੀ, ਇਸ ਯੂਨੀਵਰਸਿਟੀ ’ਚ ਪਹਿਲੀ ਵਾਰ ਬਾਬਾ ਸਾਹਿਬ ਦੀ ਜਯੰਤੀ ਕੌਮੀ ਪੱਧਰ ’ਤੇ ਮਨਾਈ ਜਾ ਰਹੀ ਹੈ, ਜਿਸ ਪ੍ਰਤੀ ਸਮੁੱਚੇ ਭਾਰਤੀ ਸਮਾਜ ’ਚ ਬਹੁਤ ਹੀ ਉਤਸ਼ਾਹ ਤੇ ਜੋਸ਼ ਦੇਖਿਆ ਜਾ ਰਿਹਾ ਹੈ। ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਜਰਮਨੀ ਨੇ ਯੂਰਪ ਦੇ ਸਮੂਹ ਅੰਬੇਡਕਰੀ ਸਾਥੀਆਂ ਨੂੰ ਇਸ ਦਿਨ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਾਰਤ ’ਚ ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਝੰਡਾ ਪੂਰਨ ਤੌਰ ’ਤੇ ਬੁਲੰਦ ਹੋ ਸਕੇ।

Add a Comment

Your email address will not be published. Required fields are marked *