ਅਮਰੀਕਾ ‘ਚ ਇਕ ਹੋਰ ਭਾਰਤੀ ਨੌਜਵਾਨ ਦਾ ਕਤਲ, ਲੁਟੇਰਿਆਂ ਨੇ ਲੁੱਟ ਮਗਰੋਂ ਮਾਰੀ ਗੋਲੀ

ਨਿਊਯਾਰਕ – ਅਮਰੀਕਾ ਦੇ ਸ਼ਿਕਾਗੋ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਮਾਰੀ ਗੋਲੀ ਨਾਲ ਜ਼ਖ਼ਮੀ ਹੋਏ 23 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਦਿੱਤੀ ਗਈ। ਸ਼ਿਕਾਗੋ ਪੁਲਸ ਨੇ ਮੰਗਲਵਾਰ ਸਵੇਰੇ ਦੱਸਿਆ ਕਿ ਦੇਵਾਸ਼ੀਸ਼ ਨੰਦੇਪੂ ਨੂੰ ਐਤਵਾਰ ਰਾਤ ਸਾਊਥ ਸਾਈਡ ਦੇ ਪ੍ਰਿੰਸਟਨ ਪਾਰਕ ਵਿੱਚ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਸੀ। ‘ਏਬੀਸੀ 7 ਆਈ ਵਿਟਨੈਸ ਨਿਊਜ਼’ ਦੀ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਗੰਭੀਰ ਸੱਟਾਂ ਕਾਰਨ ਨੰਦੇਪੂ ਦੀ ਮੌਤ ਹੋ ਗਈ।

ਖ਼ਬਰ ਮੁਤਾਬਕ ਓਕ ਲਾਅਨ ਸਥਿਤ ਕ੍ਰਾਈਸਟ ਮੈਡੀਕ ਸੈਂਟਰ ‘ਚ ਸੋਮਵਾਰ ਸਵੇਰੇ 4 ਵਜੇ ਨੰਦੇਪੂ ਦੀ ਮੌਤ ਹੋ ਗਈ। ਉਸ ਦੀ ਬਾਂਹ ਅਤੇ ਮੋਢੇ ਦੇ ਜੋੜ ਵਿੱਚ ਗੋਲੀ ਲੱਗੀ ਸੀ। ਨੰਦੇਪੂ ਅਤੇ ਉਸ ਦਾ 22 ਸਾਲਾ ਦੋਸਤ ਐਤਵਾਰ ਸ਼ਾਮ 6:55 ਵਜੇ ਦੇ ਕਰੀਬ ਇਕ ਪਾਰਕਿੰਗ ਲਾਟ ਕੋਲ ਸਨ, ਉਦੋਂ ਅਚਾਨਕ 2 ਲੁਟੇਰੇ ਕਾਲੇ ਰੰਗ ਦੀ ਕਾਰ ਤੋਂ ਉਤਰੇ ਅਤੇ ਉਨ੍ਹਾਂ ਕੋਲ ਆ ਗਏ। ਲੁਟੇਰਿਆਂ ਨੇ ਦੋਵਾਂ ਨੂੰ ਬੰਦੂਕ ਦਿਖਾ ਕੇ ਉਨ੍ਹਾਂ ਤੋਂ ਕੀਮਤੀ ਸਾਮਾਨ ਦੀ ਮੰਗ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਨੇ ਹੁਕਮਾਂ ਦੀ ਪਾਲਣਾ ਕੀਤੀ, ਫਿਰ ਵੀ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਦਾਖ਼ਲ ਨੰਦੇਪੂ ਦੇ ਦੋਸਤ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

Add a Comment

Your email address will not be published. Required fields are marked *