ਕੈਨੇਡਾ ‘ਚ ਨਫਰਤੀ ਅਪਰਾਧ ਫੈਲਾਉਣ ਦੇ ਤਹਿਤ ਇਕ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ – ਕੈਨੇਡਾ ਦੀ ਪੁਲਸ ਨੇ ਇੱਕ 28 ਸਾਲਾ ਵਿਅਕਤੀ ਨੂੰ ਓਂਟਾਰੀਓ ਵਿੱਚ ਇੱਕ ਮਸਜਿਦ ਦੇ ਬਾਹਰ ਨਫ਼ਰਤ ਨਾਲ ਪ੍ਰੇਰਿਤ ਘਟਨਾ ਦੇ ਤਹਿਤ ਗ੍ਰਿਫਤਾਰ ਕੀਤਾ ਹੈ ਅਤੇ ਉਸ ‘ਤੇ ਸ਼ਰਧਾਲੂਆਂ ਨੂੰ ਧਮਕੀਆਂ ਦੇਣ ਅਤੇ ਧਰਮ ਖ਼ਿਲਾਫ਼ ਅਪਸ਼ਬਦ ਬੋਲਣ ਦੇ ਦੋਸ਼ ਲਾਏ ਹਨ।ਸ਼ਰਨ ਕਰੁਣਾਕਰਨ ਨੇ ਇਕ ਸ਼ਰਧਾਲੂ ‘ਤੇ ਗੱਡੀ ਨਾਲ ਹਮਲਾ ਕੀਤਾ, ਫਿਰ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਧਰਮ ਖ਼ਿਲਾਫ਼ ਅਪਸ਼ਬਦ ਕਹੇ। ਚਸ਼ਮਦੀਦਾਂ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਨੇ ਜਾਣ ਤੋਂ ਪਹਿਲਾਂ ਪਾਰਕਿੰਗ ਵਿੱਚ ਖਤਰਨਾਕ ਢੰਗ ਨਾਲ ਗੱਡੀ ਵੀ ਚਲਾਈ।

ਯੌਰਕ ਰੀਜਨਲ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ 6 ਅਪ੍ਰੈਲ ਨੂੰ ਡੇਨੀਸਨ ਸਟ੍ਰੀਟ, ਮਾਰਖਮ ‘ਤੇ ਇੱਕ ਮਸਜਿਦ ਵਿੱਚ ਗੜਬੜ ਫੈਲਾਉਣ ਸਬੰਧੀ ਇੱਕ ਕਾਲ ਦਾ ਜਵਾਬ ਦਿੱਤਾ। ਸ਼ੱਕੀ ਦੀ ਪਛਾਣ ਕਰ ਲਈ ਗਈ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਦਿੱਤਾ ਗਿਆ ਸੀ ਜਦੋਂ ਕਿ ਉਸ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਸਨ। 7 ਅਪ੍ਰੈਲ ਨੂੰ ਯੌਰਕ ਰੀਜਨਲ ਪੁਲਸ ਦੇ ਮੈਂਬਰਾਂ ਨੇ ਇੰਟੈਲੀਜੈਂਸ ਯੂਨਿਟ ਅਤੇ ਹੇਟ ਕ੍ਰਾਈਮ ਯੂਨਿਟ ਦੀ ਸਹਾਇਤਾ ਨਾਲ ਟੋਰਾਂਟੋ ਵਿੱਚ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ। ਕਰੁਣਾਕਰਨ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਸਦੀ ਅਗਲੀ ਨਿਯਤ ਪੇਸ਼ੀ 11 ਅਪ੍ਰੈਲ ਨੂੰ ਨਿਊਮਾਰਕੇਟ ਦੇ ਟਾਊਨ ਵਿੱਚ ਓਨਟਾਰੀਓ ਸੁਪੀਰੀਅਰ ਕੋਰਟ ਆਫ਼ ਜਸਟਿਸ ਵਿੱਚ ਹੋਵੇਗੀ।

ਕੈਨੇਡੀਅਨ ਵਪਾਰ ਮੰਤਰੀ ਮੈਰੀ ਐਨ ਜੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਨਫ਼ਰਤੀ ਅਪਰਾਧ ਦੀ ਕੈਨੇਡੀਅਨ ਸਮਾਜ ਵਿੱਚ ਕੋਈ ਥਾਂ ਨਹੀਂ ਹੈ।ਉਸਨੇ ਇੱਕ ਟਵੀਟ ਵਿੱਚ ਕਿਹਾ ਕਿ “ਇਸਲਾਮਿਕ ਸੋਸਾਇਟੀ ਆਫ਼ ਮਾਰਖਮ ਵਿੱਚ ਹਿੰਸਕ ਨਫ਼ਰਤੀ ਅਪਰਾਧਾਂ ਅਤੇ ਨਸਲੀ ਵਿਵਹਾਰ ਬਾਰੇ ਸੁਣ ਕੇ ਬਹੁਤ ਦੁਖੀ ਹਾਂ।

ਇਸ ਹਿੰਸਾ ਅਤੇ ਇਸਲਾਮੋਫੋਬੀਆ ਦੀ ਸਾਡੇ ਭਾਈਚਾਰਿਆਂ ਜਾਂ ਕੈਨੇਡਾ ਵਿੱਚ ਕੋਈ ਥਾਂ ਨਹੀਂ ਹੈ,”। ਉਸ ਨੇ ਅੱਗੇ ਕਿਹਾ ਕਿ “ਅਸੀਂ ਕਾਰਵਾਈ ਕਰਨਾ ਜਾਰੀ ਰੱਖਾਂਗੇ ਤਾਂ ਜੋ ਹਰ ਕੋਈ ਇਸ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਕਰੇ।”

Add a Comment

Your email address will not be published. Required fields are marked *