ਭਗਵੰਤ ਮਾਨ ਵੱਲੋਂ ਚੁੰਨੀ ਕਲਾਂ ਦੇ ਸਰਕਾਰੀ ਸਕੂਲ ਦਾ ਨਿਰੀਖਣ

ਫ਼ਤਹਿਗੜ੍ਹ ਸਾਹਿਬ, 30 ਅਗਸਤ

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਸਹੂਲਤਾਂ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੰਨੀ ਕਲਾਂ ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਉਹ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਹਰ ਕਲਾਸ ਰੂਮ ਵਿੱਚ ਗਏ। ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਅਧਿਆਪਕਾਂ ਦੀ ਵਧੀਆ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਮੁੱਖ ਮੰਤਰੀ ਨੇ ਵਿਦਿਆਰਥੀਆਂ ਪਾਸੋਂ ਸਕੂਲ ਦੇ ਸਿਲੇਬਸ ਬਾਰੇ ਵੀ ਪੁੱਛਿਆ। ਮੁੱਖ ਮੰਤਰੀ ਨੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਜੀਵਨ ਦੀਆਂ ਖਾਹਿਸ਼ਾਂ ਤੇ ਸੁਪਨਿਆਂ ਬਾਰੇ ਵੀ ਪੁੱਛਿਆ ਅਤੇ ਉਨ੍ਹਾਂ ਨੂੰ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਆ। ਸਕੂਲ ਦੀ ਪ੍ਰਿੰਸੀਪਲ ਸਮਿਤਾ ਵੱਲੋਂ ਸਕੂਲ ਵਿਚ ਸਾਇੰਸ ਲੈਬ ਦੀ ਨਵੀਂ ਇਮਾਰਤ ਬਣਾਉਣ ਦੀ ਮੰਗ ਕੀਤੀ ਗਈ। ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਕੂਲ ਵਿਚ ਅਤਿ ਆਧੁਨਿਕ ਸਾਇੰਸ ਲੈਬਾਰਟਰੀ ਸਥਾਪਤ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਕੂਲਾਂ ਦੇ ਕੰਪਿਊਟਰਾਂ ਵਿਚ ਮੌਜੂਦਾ ਸਾਫਟਵੇਅਰ ਨੂੰ ਵੀ ਅਪਗਰੇਡ ਕਰਨ ਲਈ ਆਖਿਆ ਤੇ ਦਿਵਿਆਂਗ ਵਿਦਿਆਰਥੀਆਂ ਲਈ ਇਮਾਰਤ ਵਿੱਚ ਲੋੜੀਂਦੀ ਮੁਰੰਮਤ ਤੇ ਸਹੂਲਤ ਦੇਣ ਦੇ ਵੀ ਹੁਕਮ ਦਿੱਤੇ। ਇਸ ਮੌਕੇ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਪ੍ਰਨੀਤ ਸ਼ੇਰਗਿੱਲ, ਸਰਪੰਚ ਹਰਕਮਲਜੀਤ ਸਿੰਘ ਤੇ ਹੋਰ ਮੋਹਤਬਰ ਮੌਜੂਦ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਕੂਲ ਫੇਰੀ ਦਾ ਉਦੇਸ਼ ਕਿਸੇ ਦਾ ਨੁਕਸ ਕੱਢਣਾ ਨਹੀਂ ਹੈ ਸਗੋਂ ਸਿੱਖਿਆ ਖੇਤਰ ਵਿੱਚ ਵਿਆਪਕ ਸੁਧਾਰ ਲਿਆਉਣ ਲਈ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿੱਖਿਆ ਅਗਾਂਹਵਧੂ ਸਮਾਜ ਦੀ ਉਸਾਰੀ ਦਾ ਮੁੱਖ ਆਧਾਰ ਹੈ ਜਿਸ ਕਰਕੇ ਸੂਬਾ ਸਰਕਾਰ ਇਸ ਖੇਤਰ ਨੂੰ ਤਰਜੀਹ ਦੇ ਰਹੀ ਹੈ। ਪੰਜਾਬ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਨੂੰ ‘ਆਹਲਾ ਦਰਜੇ ਦੇ ਸਕੂਲਾਂ’ ਵਿੱਚ ਤਬਦੀਲ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਨਾ ਸਿਰਫ਼ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਗੇ ਸਗੋਂ ਜੀਵਨ ਵਿੱਚ ਬਿਹਤਰ ਮੁਕਾਮ ਹਾਸਲ ਕਰਨ ਲਈ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਵੀ ਯਕੀਨੀ ਬਣਾਉਣਗੇ।

Add a Comment

Your email address will not be published. Required fields are marked *