ਬਾਈਡੇਨ ‘ਗੁੱਡ ਫਰਾਈਡੇ’ ਸੰਧੀ ਦੀ ਵਰ੍ਹੇਗੰਢ ‘ਤੇ ਕਰਨਗੇ ਬ੍ਰਿਟੇਨ ਦਾ ਦੌਰਾ

ਲੰਡਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਗਲੇ ਹਫ਼ਤੇ ਉੱਤਰੀ ਆਇਰਲੈਂਡ ਦੇ ਬੇਲਫਾਸਟ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਮੇਜ਼ਬਾਨੀ ਕਰਨਗੇ। ਡਾਊਨਿੰਗ ਸਟ੍ਰੀਟ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬ੍ਰਿਟੇਨ ‘ਬੈਲਫਾਸਟ’ (ਗੁੱਡ ਫਰਾਈਡੇ) ਸੰਧੀ ਦੀ 25ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਪ੍ਰੈਲ 1998 ਵਿੱਚ ਖੇਤਰ ਲਈ ਇੱਕ ਸ਼ਾਂਤੀ ਸੰਧੀ ‘ਤੇ ਹਸਤਾਖਰ ਕੀਤੇ ਗਏ ਸਨ। ਬਾਈਡੇਨ ਮੰਗਲਵਾਰ ਸ਼ਾਮ ਨੂੰ ਬ੍ਰਿਟੇਨ ਪਹੁੰਚਣਗੇ ਅਤੇ ਸੁਨਕ ਉਹਨਾਂ ਨਾਲ ਏਅਰ ਫੋਰਸ ਵਨ ਜਹਾਜ਼ ਦੇ ਬਾਹਰ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਸੁਨਕ ਨਾਲ ਦੁਵੱਲੀ ਗੱਲਬਾਤ ਸਮੇਤ ਕਈ ਪ੍ਰੋਗਰਾਮਾਂ ‘ਚ ਸ਼ਿਰਕਤ ਕਰਨਗੇ। 

ਸੰਧੀ ਨੇ ਉੱਤਰੀ ਆਇਰਲੈਂਡ ਦੇ ਰਾਜਨੀਤਿਕ ਅਤੇ ਆਰਥਿਕ ਦ੍ਰਿਸ਼ ਨੂੰ ਬਦਲ ਦਿੱਤਾ। ਸੁਨਕ ਨੇ ਕਿਹਾ ਕਿ “ਬੈਲਫਾਸਟ (ਗੁੱਡ ਫਰਾਈਡੇ) ਸਮਝੌਤਾ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਸ਼ਾਨਦਾਰ ਪਲ ਸੀ,”। ਭਾਰਤੀ ਮੂਲ ਦੇ ਬ੍ਰਿਟਿਸ਼ ਨੇਤਾ ਨੇ ਕਿਹਾ ਕਿ ਉੱਤਰੀ ਆਇਰਲੈਂਡ ਮੌਕੇ ਅਤੇ ਪ੍ਰਤਿਭਾ ਨਾਲ ਭਰਪੂਰ ਹੈ। ਅਮਰੀਕਾ ਨੇ ਸਮਝੌਤਾ ਪ੍ਰਕਿਰਿਆ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਵੱਖਵਾਦੀ ਹਿੰਸਾ ਨੂੰ ਖ਼ਤਮ ਕਰਨ ਅਤੇ ਉੱਤਰੀ ਆਇਰਲੈਂਡ ਵਿੱਚ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ‘ਗੁੱਡ ਫਰਾਈਡੇ’ ਸਮਝੌਤੇ ‘ਤੇ ਤਤਕਾਲੀ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਅਤੇ ਉਨ੍ਹਾਂ ਦੇ ਆਇਰਲੈਂਡ ਦੇ ਹਮਰੁਤਬਾ ਬਰਟੀ ਅਹਰਨ ਨੇ ਹਸਤਾਖਰ ਕੀਤੇ ਸਨ ਅਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੁਆਰਾ ਸਮਰਥਨ ਕੀਤਾ ਗਿਆ ਸੀ। ਇਸਨੇ ਉੱਤਰੀ ਆਇਰਲੈਂਡ ਵਿੱਚ 30 ਸਾਲ ਪੁਰਾਣੇ ਸੰਘਰਸ਼ ਨੂੰ ਖ਼ਤਮ ਕੀਤਾ।

Add a Comment

Your email address will not be published. Required fields are marked *