ਸ਼੍ਰੋਮਣੀ ਕਮੇਟੀ ਨੇ NCERT ਵੱਲੋਂ ਇਤਿਹਾਸ ਦੀ ਗ਼ਲਤ ਵਿਆਖਿਆ ’ਤੇ ਕੀਤਾ ਇਤਰਾਜ਼

ਅੰਮ੍ਰਿਤਸਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐੱਨ. ਸੀ. ਈ. ਆਰ. ਟੀ. ਵੱਲੋਂ ਸਿਲੇਬਸ ਦੀਆਂ ਕਿਤਾਬਾਂ ’ਚ ਸਿੱਖਾਂ ਸਬੰਧੀ ਗ਼ਲਤ ਜਾਣਕਾਰੀ ਦੇਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਐੱਨ. ਸੀ. ਈ. ਆਰ. ਟੀ. ਸਿੱਖਾਂ ਨਾਲ ਸਬੰਧਤ ਇਤਿਹਾਸਕ ਵੇਰਵਿਆਂ ਨੂੰ ਗ਼ਲਤ ਅਰਥਾਂ ’ਚ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਇਸ ਨੇ ਬਾਰ੍ਹਵੀਂ ਜਮਾਤ ਦੀ ਕਿਤਾਬ ‘ਸੁਤੰਤਰ ਭਾਰਤ ’ਚ ਰਾਜਨੀਤੀ’ ਅੰਦਰ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਭੁਲੇਖਾ ਪਾਊ ਜਾਣਕਾਰੀ ਦਰਜ ਕੀਤੀ ਹੈ, ਜਿਸ ਨਾਲ ਕੌਮ ਦੀਆਂ ਭਾਵਨਾਵਾਂ ਦੁਖੀਆਂ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਆਖਿਆ ਕਰਦਿਆਂ ਸਿੱਖਾਂ ਨੂੰ ਵੱਖਵਾਦੀ ਪੇਸ਼ ਕਰਨਾ ਹਰਗਿਜ਼ ਜਾਇਜ਼ ਨਹੀਂ ਹੈ, ਲਿਹਾਜ਼ਾ ਐੱਨ.ਸੀ.ਈ.ਆਰ.ਟੀ. ਇਸ ਨੂੰ ਤੁਰੰਤ ਹਟਾਏ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੇ ਨਾਲ ਹੀ ਬਾਰ੍ਹਵੀਂ ਦੀ ਕਿਤਾਬ ’ਚੋਂ ਕੁਝ ਜਾਣਕਾਰੀਆਂ ਹਟਾਉਣ ਅਤੇ ਕੁਝ ਨਵੀਆਂ ਸ਼ਾਮਲ ਕਰਨ ਸਮੇਂ ਫਿਰਕੂ ਪੱਖ ਤੋਂ ਕਾਰਵਾਈ ਕੀਤੀ ਗਈ ਹੈ। ਦੁੱਖ ਦੀ ਗੱਲ ਹੈ ਕਿ ਜੋ ਮੌਜੂਦਾ ਕੇਂਦਰ ਸਰਕਾਰ ਨੂੰ ਵਾਰਾ ਖਾਂਦਾ ਹੈ, ਉਸ ਅਨੁਸਾਰ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਖ਼ਾਸ ਕਰ ਕੇ ਘੱਟਗਿਣਤੀਆਂ ਬਾਰੇ ਪਾਠਕ੍ਰਮ ਖ਼ਤਮ ਕੀਤੇ ਜਾ ਰਹੇ ਹਨ ਅਤੇ ਮਨਮਰਜ਼ੀ ਦਾ ਸਿਲੇਬਸ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਅਨੁਸਾਰ ਸੋਚੀ-ਸਮਝੀ ਚਾਲ ਤਹਿਤ ਹੀ ‘ਸੁਤੰਤਰ ਭਾਰਤ ’ਚ ਰਾਜਨੀਤੀ’ ਪੁਸਤਕ ਵਿਚ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ।

Add a Comment

Your email address will not be published. Required fields are marked *