ਪੁੱਤਰ ਦਾ ਆਖ਼ਰੀ ਵਾਰ ਮੂੰਹ ਦੇਖਣ ਨੂੰ ਤਰਸ ਰਹੇ ਨੇ ਮਾਪੇ

ਨਿਹਾਲ ਸਿੰਘ ਵਾਲਾ, 31 ਜਨਵਰੀ-: ਪਿੰਡ ਪੱਤੋ ਹੀਰਾ ਸਿੰਘ ਦੇ ਕੌਮਾਂਤਰੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਪੱਤੋ ਦੀ ਕੈਨੇਡਾ ਦੇ ਸਰੀ ਵਿੱਚ 17 ਜਨਵਰੀ ਨੂੰ ਮੌਤ ਹੋ ਗਈ ਸੀ। ਉਸ ਨੂੰ ਆਪਣੀ ਪਤਨੀ ਕੋਲ ਕੈਨੇਡਾ ਗਏ ਨੂੰ ਸਿਰਫ ਮਹੀਨਾ ਹੀ ਹੋਇਆ ਸੀ। ਕਬੱਡੀ ਖਿਡਾਰੀ ਦੀ ਮ੍ਰਿਤਕ ਦੇਹ ਕੈਨੇਡਾ ਵਿੱਚ ਪਈ ਹੈ। ਉਧਰ, ਉਸ ਦੇ ਮਾਪਿਆਂ ਕੋਲ ਆਪਣੇ ਪੁੱਤਰ ਦੇ ਸਸਕਾਰ ਵਿੱਚ ਸ਼ਾਮਲ ਹੋਣ ਜਾਂ ਲਾਸ਼ ਨੂੰ ਇਥੇ ਲਿਆਉਣ ਜੋਗੀ ਪੂੰਜੀ ਨਹੀਂ ਹੈ। ਅਮਰਪ੍ਰੀਤ ਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਰਜਿੰਦਰ ਕੌਰ ਨੇ ਅੱਥਰੂ ਕੇਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਦੇ ਰੌਸ਼ਨ ਭਵਿੱਖ ਲਈ ਉਸ ਨੂੰ ਵਿਦੇਸ਼ ਭੇਜਣ ਲਈ ਬੱਤੀ ਲੱਖ ਰੁਪਏ ਲਗਾਏ ਸਨ।

ਇਸ ਲਈ ਜ਼ਮੀਨ ਵੀ ਵੇਚਣੀ ਪਈ। ਅਮਰੀ ਦੇ ਵਿਆਹ ਪਿੱਛੋਂ ਉਸ ਦੀ ਪਤਨੀ ਸਰੀ ਚਲੀ ਗਈ ਅਤੇ ਅਮਰੀ ਵੀ ਮਹਿਜ਼ ਮਹੀਨਾ ਪਹਿਲਾਂ ਉਥੇ ਪੁੱਜਿਆ ਸੀ। ਉਥੇ ਦਿਲ ਦਾ ਦੌਰਾ ਪੈਣ ਨਾਲ ਉਸ ਦਾ ਦੇਹਾਂਤ ਹੋ ਗਿਆ। ਇਸ ਕਾਰਨ ਮਾਪਿਆਂ ਦੇ ਭਲੇ ਦਿਨਾਂ ਦੀ ਆਸ ਦਾ ਸੂਰਜ ਡੁੱਬ ਗਿਆ। ਹੁਣ ਉਨ੍ਹਾਂ ਕੋਲ ਆਪਣੇ ਪੁੱਤਰ ਦਾ ਆਖਰੀ ਵਾਰ ਮੂੰਹ ਦੇਖਣ ਲਈ ਕੈਨੇਡਾ ਜਾਣ ਜੋਗੇ ਪੈਸੇ ਨਹੀਂ ਹਨ। ਨਾ ਹੀ ਉਹ ਲਾਸ਼ ਪਿੰਡ ਮੰਗਵਾ ਸਕਦੇ ਹਨ। ਅਮਰੀ ਦੇ ਮਾਪਿਆਂ ਨੇ ਰੋਂਦਿਆਂ ਦੱਸਿਆ ਕਿ ਪੁੱਤ ਦੀ ਚੜ੍ਹਤ ਵੇਲੇ ਹਰ ਕੋਈ ਉਨ੍ਹਾਂ ਦੇ ਘਰ ਢੁਕਦਾ ਸੀ, ਪਰ ਹੁਣ ਕਿਸੇ ਨੂੰ ਸਾਡਾ ਘਰ ਨਹੀਂ ਦਿਸਦਾ।

ਸਰਪੰਚ ਅਮਰਜੀਤ ਸਿੰਘ, ਸਮਿਤੀ ਮੈਂਬਰ ਕੁਲਦੀਪ ਸਿੰਘ, ਖੇਡ ਲੇਖਕ ਬੱਬੀ ਪੱਤੋ, ਕੁਮੈਂਟੇਟਰ ਰੁਪਿੰਦਰ ਜਲਾਲ ਤੇ ਪਿੰਡ ਦੇ ਪਤਵੰਤਿਆਂ ਨੇ ਪੰਜਾਬ ਸਰਕਾਰ, ਖੇਡ ਪ੍ਰੇਮੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਤਾਂ ਜੋ ਕੈਨੇਡਾ ਜਾ ਕੇ ਪਰਿਵਾਰ ਪੁੱਤਰ ਦੀ ਦੇਹ ਦੇ ਆਖਰੀ ਦਰਸ਼ਨ ਕਰ ਸਕੇ। ਜ਼ਿਕਰਯੋਗ ਹੈ ਕਿ ਅਮਰਪ੍ਰੀਤ ਅਮਰੀ 35 ਕਿੱਲੋ ਵਜ਼ਨੀ ਕਬੱਡੀ ਤੋਂ ਸ਼ੁਰੂਆਤ ਕਰਕੇ ਕਬੱਡੀ ਓਪਨ ਤੱਕ ਪੁੱਜਿਆ ਸੀ। ਉਹ ਆਜ਼ਾਦ ਅਕੈਡਮੀ ਘੱਲ ਕਲਾਂ ਲਈ ਵੀ ਖੇਡਦਾ ਰਿਹਾ ਅਤੇ ਇਕ ਵਾਰ ਵਿਦੇਸ਼ ਵਿੱਚ ਵੀ ਖੇਡਣ ਗਿਆ ਸੀ। ਅਮਰੀ ਪੱਤੋ ਦਾ ਧਾਵੀ ਵਜੋਂ ਚੰਗਾ ਨਾਮ ਸੀ। 

Add a Comment

Your email address will not be published. Required fields are marked *