ਪਾਕਿਸਤਾਨ ਦੇ ਵਿੱਤ ਮੰਤਰੀ ਨੇ ਸਿਆਸੀ ਅਤੇ ਨਿਆਂਇਕ ਸੰਕਟ ਦੇ ਵਿਚਕਾਰ ਅਮਰੀਕਾ ਦਾ ਦੌਰਾ ਕੀਤਾ ਰੱਦ

ਇਸਲਾਮਾਬਾਦ – ਦੇਸ਼ ਵਿੱਚ ਸਿਆਸੀ ਅਨਿਸ਼ਚਿਤਤਾ ਅਤੇ ਨਿਆਂਇਕ ਸੰਕਟ ਦਰਮਿਆਨ ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਹਾਕ ਡਾਰ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਕ ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਫੇਰੀ ਦੌਰਾਨ ਡਾਰ ਨੇ ਵਿਸ਼ਵ ਬੈਂਕ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਅਤੇ 1.1 ਅਰਬ ਅਮਰੀਕੀ ਡਾਲਰ ਦੇ ਰਾਹਤ ਪੈਕੇਜ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਵੀ ਤੈਅ ਕੀਤਾ ਸੀ।

ਐਕਸਪ੍ਰੈਸ ਟ੍ਰਿਬਿਊਨ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਡਾਰ 10 ਤੋਂ 16 ਅਪ੍ਰੈਲ ਤੱਕ ਵਾਸ਼ਿੰਗਟਨ ‘ਚ ਹੋਣ ਵਾਲੀ ਵਿਸ਼ਵ ਬੈਂਕ ਅਤੇ ਆਈ.ਐੱਮ.ਐੱਫ. ਦੀ ਬੈਠਕ ‘ਚ ਸ਼ਾਮਲ ਨਹੀਂ ਹੋਣਗੇ। ਅਖ਼ਬਾਰ ਨੇ ਡਾਰ ਦੇ ਹਵਾਲੇ ਨਾਲ ਕਿਹਾ, “ਮੈਂ ਘਰੇਲੂ ਹਾਲਾਤਾਂ ਕਾਰਨ ਨਹੀਂ ਜਾ ਰਿਹਾ ਹਾਂ।” ਰਿਪੋਰਟਾਂ ਮੁਤਾਬਕ ਦੇਸ਼ ਦੀ ਸਿਆਸੀ ਅਨਿਸ਼ਚਿਤਤਾ ਅਤੇ ਨਿਆਂਇਕ ਸੰਕਟ ਦੇ ਮੱਦੇਨਜ਼ਰ ਡਾਰ ਦਾ ਵਾਸ਼ਿੰਗਟਨ ਦੌਰਾ ਰੱਦ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਆਰਥਿਕ ਮਾਮਲਿਆਂ ਦੇ ਮੰਤਰੀ ਸਰਦਾਰ ਅਯਾਜ਼ ਸਾਦਿਕ ਵੀ ਮੌਜੂਦਾ ਅਨਿਸ਼ਚਿਤ ਸਿਆਸੀ ਸਥਿਤੀ ਕਾਰਨ ਅਮਰੀਕਾ ਦੀ ਯਾਤਰਾ ਨਹੀਂ ਕਰਨਗੇ। ਆਰਥਿਕ ਮਾਮਲਿਆਂ ਦੇ ਮੰਤਰੀ ਹੀ ਵਿਸ਼ਵ ਬੈਂਕ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕਰਦੇ ਰਹੇ ਹਨ।

Add a Comment

Your email address will not be published. Required fields are marked *