ਅਮਰੀਕਾ-ਕੈਨੇਡਾ ਸਰਹੱਦ ‘ਤੇ ਭਾਰਤੀ ਪਰਿਵਾਰ ਦੀ ਮੌਤ ਦੇ ਬਾਅਦ PM ਟਰੂਡੋ ਦਾ ਅਹਿਮ ਬਿਆਨ

ਟੋਰਾਂਟੋ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਮਰੀਕਾ-ਕੈਨੇਡਾ ਸਰਹੱਦ ‘ਤੇ ਇੱਕ ਭਾਰਤੀ ਅਤੇ ਰੋਮਾਨੀਅਨ ਪਰਿਵਾਰ ਦੇ ਅੱਠ ਮੈਂਬਰਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਸਹੀ ਜਾਂਚ ਦੀ ਲੋੜ ਹੈ। ਉਸ ਨੇ ਇਸ ਘਟਨਾ ਦੇ ਕਾਰਨਾਂ ਬਾਰੇ ਅਟਕਲਾਂ ਨਾ ਲਗਾਉਣ ‘ਤੇ ਵੀ ਜ਼ੋਰ ਦਿੱਤਾ। 

ਪਿਛਲੇ ਹਫ਼ਤੇ ਸੇਂਟ ਲਾਰੈਂਸ ਨਦੀ ਵਿੱਚ ਇੱਕ ਕਿਸ਼ਤੀ ਦੇ ਪਲਟਣ ਨਾਲ ਦੋ ਪਰਿਵਾਰਾਂ ਦੇ ਅੱਠ ਮੈਂਬਰਾਂ ਦੀ ਮੌਤ ਹੋ ਗਈ ਸੀ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਸ ਨੂੰ ਸ਼ੁੱਕਰਵਾਰ ਨੂੰ ਕਿਊਬਿਕ, ਓਂਟਾਰੀਓ ਅਤੇ ਨਿਊਯਾਰਕ ਰਾਜ ਨੇੜੇ ਅਕਵੇਸਨ ਖੇਤਰ ਵਿੱਚ ਇੱਕ ਨਦੀ ਨੇੜੇ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਘਟਨਾ ਵਿੱਚ ਜਾਨ ਗਵਾਉਣ ਵਾਲੇ ਭਾਰਤੀਆਂ ਦੀ ਪਛਾਣ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪ੍ਰਵੀਨ ਚੌਧਰੀ (50), ਦਕਸ਼ਾਬੇਨ ਚੌਧਰੀ (45), ਉਨ੍ਹਾਂ ਦੀ ਧੀ ਵਿਧੀ (23) ਅਤੇ ਪੁੱਤਰ ਮੇਟ (20) ਵਜੋਂ ਕੀਤੀ ਹੈ। 

ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕਿਸ਼ਤੀ ਹਾਦਸੇ ਅਤੇ ਹਾਲ ਹੀ ਵਿਚ ਰੋਕਸਹੈਮ ਰੋਡ ‘ਤੇ ਗੈਰ-ਕਾਨੂੰਨੀ ਬਾਰਡਰ ਕਰਾਸਿੰਗ ਬੰਦ ਕੀਤੇ ਜਾਣ ਦੇ ਕਦਮ ਨੂੰ ਆਪਸ ਵਿਚ ਜੋੜਨਾ ਬਹੁਤ ਜਲਦਬਾਜ਼ੀ ਹੈ। ਟਰੂਡੋ ਨੇ ਪੱਤਰਕਾਰਾਂ ਨੂੰ ਕਿਹਾ ਕਿ ”ਇਨ੍ਹਾਂ ਪਰਿਵਾਰਾਂ ਨਾਲ ਜੋ ਹੋਇਆ, ਉਹ ਨਾ ਸਿਰਫ਼ ਨਿਰਾਸ਼ਾਜਨਕ ਹੈ, ਸਗੋਂ ਦਿਲ ਦਹਿਲਾਉਣ ਵਾਲਾ ਹੈ।” ਇਸ ਲਈ ਇਨ੍ਹਾਂ ਦੇ ਜਵਾਬ ਲੱਭਣ ਦੀ ਲੋੜ ਹੈ, ਜਿਸ ਲਈ ਸਾਨੂੰ ਸਹੀ ਜਾਂਚ ਯਕੀਨੀ ਬਣਾਉਣੀ ਪਵੇਗੀ।

Add a Comment

Your email address will not be published. Required fields are marked *