ਸਕਾਟਲੈਂਡ ਦੀ ਸਾਬਕਾ ਫਸਟ ਮਨਿਸਟਰ ਨਿਕੋਲਾ ਸਟਰਜਨ ਦਾ ਪਤੀ ਗ੍ਰਿਫ਼ਤਾਰ

ਗਲਾਸਗੋ : ਸਕਾਟਿਸ਼ ਨੈਸ਼ਨਲ ਪਾਰਟੀ ਦੇ ਫੰਡਿੰਗ ਅਤੇ ਵਿੱਤੀ ਖਾਤਿਆਂ ਦੀ ਜਾਂਚ ਦੇ ਸਬੰਧ ‘ਚ ਸਾਬਕਾ ਸਕਾਟਿਸ਼ ਫਸਟ ਮਨਿਸਟਰ ਨਿਕੋਲਾ ਸਟਰਜਨ ਦੇ ਪਤੀ ਪੀਟਰ ਮੁਰੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੁਰੇਲ (58) ਨੇ ਫਰਵਰੀ ਵਿੱਚ ਫਸਟ ਮਨਿਸਟਰ ਵਜੋਂ ਸਟਰਜਨ ਦੇ ਅਸਤੀਫਾ ਦੇਣ ਤੋਂ ਬਾਅਦ ਸਕਾਟਿਸ਼ ਨੈਸ਼ਨਲ ਪਾਰਟੀ ਦੇ 2 ਮੁੱਖ ਕਾਰਜਕਾਰੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਬੰਧੀ ਸਕਾਟਲੈਂਡ ਪੁਲਸ ਨੇ ਇਕ ਬਿਆਨ ਵਿੱਚ ਕਿਹਾ ਕਿ ਉਕਤ ਵਿਅਕਤੀ ਨੂੰ ਸ਼ੱਕ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧੀ ਬਿਆਨ ਵਿੱਚ ਕਿਹਾ ਗਿਆ ਕਿ ਜਾਂਚ ਦੇ ਹਿੱਸੇ ਵਜੋਂ ਕਈ ਪਤਿਆਂ ’ਤੇ ਤਲਾਸ਼ੀ ਵੀ ਲਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਸਕਾਟਿਸ਼ ਨੈਸ਼ਨਲ ਪਾਰਟੀ ਦੁਆਰਾ ਪੈਸੇ ਦੇ ਪ੍ਰਬੰਧਨ ਦੀ ਜਾਂਚ ਕਰ ਰਹੀ ਹੈ, ਜੋ ਸਕਾਟਿਸ਼ ਸੁਤੰਤਰਤਾ ਮੁਹਿੰਮ ਲਈ ਨਿਰਧਾਰਤ ਕੀਤਾ ਗਿਆ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਇਸ ਜਾਂਚ ’ਤੇ ਟਿੱਪਣੀ ਨਹੀਂ ਕਰੇਗੀ ਪਰ ਇਹ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ ਤੇ ਅਜਿਹਾ ਕਰਨਾ ਜਾਰੀ ਰੱਖੇਗੀ। ਇਸ ਬਾਰੇ ਬੁਲਾਰੇ ਨੇ ਅੱਗੇ ਕਿਹਾ ਕਿ ਪਾਰਟੀ ਦੀ ਗਵਰਨਿੰਗ ਬਾਡੀ ਸ਼ਾਸਨ ਅਤੇ ਪਾਰਦਰਸ਼ਤਾ ਦੀ ਸਮੀਖਿਆ ਲਈ ਸਹਿਮਤ ਹੋ ਗਈ ਹੈ।

Add a Comment

Your email address will not be published. Required fields are marked *