ਕੈਨੇਡਾ ’ਚ ਪੰਜਾਬੀਆਂ ਨੂੰ ਜਾਨੋਂ ਮਾਰਨ ਦੀਆਂ ਧਮਕੀ ਦੇ ਰਹੇ ਹਨ ਖ਼ਾਲਿਸਤਾਨੀ

ਜਲੰਧਰ-‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਦੇ ਖ਼ਿਲਾਫ਼ ਜਦੋਂ ਤੋਂ ਕੇਂਦਰ ਅਤੇ ਸੂਬਾ ਸਰਕਾਰ ਨੇ ਕਾਰਵਾਈ ਕੀਤੀ ਹੈ ਓਦੋਂ ਤੋਂ ਕੈਨੇਡਾ ਦੇ ਸਰੀਂ ਇਲਾਕੇ ਵਿਚ ਰਹਿਣ ਵਾਲੇ ਪੰਜਾਬੀਆਂ ਨੂੰ ਕੱਟੜਪੰਥੀ ਖ਼ਾਲਿਸਤਾਨੀ ਸਮੂਹਾਂ ਤੋਂ ਮੌਤ ਦੀਆਂ ਧਮਕੀਆਂ ਅਤੇ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੈਂਡਸ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਨੇ ਇਸ ਸਬੰਧੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ. ਪੀ.) ਦੇ ਮੁਖੀ ਨੂੰ ਇਕ ਸ਼ਿਕਾਇਤ ਪੱਤਰ ਵੀ ਦਿੱਤਾ ਹੈ।

ਸ਼ਿਕਾਇਤ ਪੱਤਰ ਵਿਚ ਭਾਰਤ ਦੇ ਕੈਨੇਡਾ ਸਥਿਤ ਹਾਈ ਕਮਿਸ਼ਨਰ ਸੰਜੇ ਵਰਮਾ ਦੀ ਸੁਰੱਖਿਆ ਨੂੰ ਵੀ ਖਤਰੇ ਵਿਚ ਦੱਸਿਆ ਗਿਆ ਹੈ। ਪੱਤਰ ਵਿਚ ਇਕ ਪ੍ਰੋਗਰਾਮ ’ਚ ਹਿੰਸਕ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਦੋਸ਼ ਲਗਾਇਆ ਗਿਆ ਹੈ ਕਿ ਖ਼ਾਲਿਸਤਾਨੀਆਂ ਦੇ ਹਮਲੇ ਦੌਰਾਨ ਪੁਲਸ ਨੇ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ।

ਫਰੈਂਡਸ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਆਰ. ਸੀ. ਐੱਮ. ਪੀ. ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਹ ਜਦੋਂ ਵੀ ਘਰੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਖ਼ਾਲਿਸਤਾਨੀ ਕੱਟੜਪੰਥੀਆਂ ਦੇ ਹਮਲੇ ਦਾ ਡਰ ਰਹਿੰਦਾ ਹੈ। ਉਨ੍ਹਾਂ ਨੇ ਪੁਲਸ ਤੋਂ ਉਚਿਤ ਕਦਮ ਚੁੱਕਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸਰੀਂ ਸ਼ਹਿਰ ਵਿਚ ਕਾਨੂੰਨ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ, ਤਾਂ ਜੋ ਕੈਨੇਡਾ ਵਿਚ ਭਾਰਤੀ-ਕੈਨੇਡਾਈ ਭਾਈਚਾਰਾ ਸ਼ਾਂਤੀ ਨਾਲ ਰਹਿ ਸਕੇ।

ਬੀਤੇ ਮਹੀਨੇ ਅੰਮ੍ਰਿਤਪਾਲ ’ਤੇ ਹੋਈ ਕਾਰਵਾਈ ਦੌਰਾਨ ਹੋਈ ਇਕ ਹਿੰਸਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗਿੱਲ ਨੇ ਪੱਤਰ ਵਿਚ ਦੱਸਿਆ ਹੈ ਕਿ ਹਾਈ ਕਮਿਸ਼ਨਰ ਸੰਜੇ ਵਰਮਾ ਦੇ ਪੱਛਮੀ ਕੈਨੇਡਾ ਦੇ ਦੌਰੇ ਦੌਰਾਨ 19 ਮਾਰਚ ਨੂੰ ਉਨ੍ਹਾਂ ਦੇ ਸਨਮਾਨ ਵਿਚ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਗਿਆ ਸੀ। ਜਦਕਿ ਇਸ ਤੋਂ ਪਹਿਲਾਂ ਕੱਟੜਪੰਥੀ ਖ਼ਾਲਿਸਤਾਨੀ ਸਮੂਹਾਂ ਨੇ 18 ਮਾਰਚ ਨੂੰ ਪ੍ਰੋਗਰਾਮ ਵਾਲੀ ਥਾਂ ’ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਭਾਰਤੀ ਵਣਜ ਦੂਤਘਰ ਨੇ ਪੁਲਸ ਨੂੰ ਸੁਚਿਤ ਕੀਤਾ ਸੀ, ਜਿਸ ’ਤੇ ਭਰੋਸਾ ਦਿੱਤਾ ਗਿਆ ਸੀ ਕਿ ਹਾਈ ਕਮਿਸ਼ਨਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਪੁਲਸ ਦੇ ਭਰੋਸੇ ਤੋਂ ਬਾਅਦ ਅਸੀਂ ਯੋਜਨਾ ਮੁਤਾਬਕ ਆਪਣਾ ਪ੍ਰੋਗਰਾਮ ਜਾਰੀ ਰੱਖਿਆ ਸੀ।

19 ਮਾਰਚ ਨੂੰ ਖਾਲਿਸਤਾਨੀ ਸਮੂਹ ਲੋਕਤੰਤਰ ਵਿਰੋਧੀ ਨਾਂ ’ਤੇ ਪ੍ਰੋਗਰਾਮ ਵਾਲੀ ਥਾਂ ’ਤੇ ਆਏ ਅਤੇ ਸਾਹਮਣੇ ਦੇ ਐਂਟਰੀ ਗੇਟ ਨੂੰ ਬੰਦ ਕਰ ਦਿੱਤਾ। ਇਹ ਨਿੱਜੀ ਜਾਇਦਾਦ ਹੋਣ ਕਾਰਨ ਨਾਜਾਇਜ਼ ਸੀ ਅਤੇ ਜਦੋਂ ਹਾਲ ਦੇ ਮਾਲਕ ਨੇ ਐਂਟਰੀ ਗੇਟ ਖੋਲ੍ਹਣ ਲਈ ਪੁਲਸ (ਆਰ. ਸੀ. ਐੱਮ. ਪੀ.) ਨੂੰ ਫੋਨ ਕੀਤਾ, ਪਰ ਕੋਈ ਫਾਇਦਾ ਨਹੀਂ ਹੋਇਆ। ਮਨਿੰਦਰ ਸਿੰਘ ਗਿੱਲ ਨੇ ਕਿਹਾ ਕਿ ਖਾਲਿਸਤਾਨੀਆਂ ਨੇ ਲੋਕਾਂ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਥੋਂ ਤੱਕ ਕਿ ਪੱਤਰਕਾਰਾਂ ਨੂੰ ਵੀ ਨਹੀਂ ਬਖਸਿਆ ਗਿਆ।

ਇਕ ਪ੍ਰਸਿੱਧ ਪੱਤਰਕਾਰ ਸਮੀਰ ਕੌਸ਼ਲ ’ਤੇ ਹਮਲਾ ਕੀਤਾ ਗਿਆ ਸੀ। ਗੁਰਤੇਜ ਗਿੱਲ ’ਤੇ ਭੀੜ ਨੇ ਹਮਲਾ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਸੁਰਿੰਦਰ ਸ਼ਰਮਾ ਦੀ ਕਾਰ ’ਤੇ ਪਥਰਾਅ ਕਰ ਕੇ ਨੁਕਸਾਨ ਪਹੁੰਚਿਆ ਗਿਆ। ਇਹ ਸਭ ਓਦੋਂ ਹੋਇਆ ਜਦੋਂ ਮੰਚ ’ਤੇ ਖਾਲਿਸਤਾਨੀ ਨੇਤਾਵਾਂ ਵਲੋਂ ਭੜਕਾਊ ਭਾਸ਼ਣ ਦਿੱਤੇ ਜਾ ਰਹੇ ਸਨ। ਪ੍ਰਦਰਸ਼ਨਕਾਰੀ ਡਾਂਗਾਂ ਅਤੇ ਤਲਵਾਰਾਂ ਨਾਲ ਲੈਸ ਸਨ ਕਿਉਂਕਿ ਉਨ੍ਹਾਂ ਨੇ ਇਸਦੀ ਪਹਿਲਾਂ ਯੋਜਨਾ ਬਣਾਈ ਹੋਈ ਸੀ ਅਤੇ ਪਛਾਣ ਤੋਂ ਬਚਣ ਲਈ ਨਕਾਬ ਪਾਏ ਹੋਏ ਸਨ। ਗਿੱਲ ਨੇ ਕਿਹਾ ਕਿ ਪੁਲਸ ਇਸ ਹਿੰਸਾ ’ਤੇ ਚੁੱਪ-ਚਪੀਤੀ ਖੜੀ ਰਹੀ ਤੇ ਮਹਿਮਾਨਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕੀ।

ਉਨ੍ਹਾਂ ਨੇ ਪੱਤਰ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਬਿੱਟੂ ਅਟਵਾਲ ਅਤੇ ਪਾਲ ਬਰਾਇਚ ਸਮੇਤ ਆਯੋਜਨ ਕਮੇਟੀ ਦੇ ਮੈਂਬਰਾਂ ’ਤੇ ਹਮਲਾ ਕੀਤਾ ਗਿਆ। ਉਨ੍ਹਾਂ ਨੇ ਖ਼ਾਲਿਸਤਾਨੀਆਂ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪਸ਼ਬਦ ਵੀ ਕਹੇ। ਗਿੱਲ ਨੇ ਦੱਸਿਆ ਕਿ ਮੈਨੂੰ ਲਗਾਤਾਰ ਵੱਖ-ਵੱਖ ਇੰਸਟਾਗ੍ਰਾਮ ਅਕਾਊਂਟਸ, ਟਿਕਟਾਕ ਅਕਾਊਂਟਸ ਅਤੇ ਮੋਬਾਈਲ ਨੰਬਰਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹ ਮੈਨੂੰ ਧਮਕੀ ਦੇ ਰਹੇ ਹਨ ਕਿ ਮੇਰਾ ਉਹੀ ਹਸ਼ਰ ਹੋਵੇਗਾ ਜੋ ਰਿਪੁਦਮਨ ਸਿੰਘ ਮਲਿਕ ਦਾ ਹੋਇਆ ਸੀ। ਜਿਸਦੀ ਸਰੀਂ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Add a Comment

Your email address will not be published. Required fields are marked *