ਸਾਰੇ ਧਰਮਾਂ ਨੂੰ ਬਰਾਬਰ ਅਧਿਕਾਰ ਦੇਣ ‘ਤੇ ਮਿਸਰ ਦੇ ਗ੍ਰੈਂਡ ਮੁਫਤੀ ਨੇ ਭਾਰਤ ਦੀ ਕੀਤੀ ਖੁੱਲ੍ਹ ਕੇ ਤਾਰੀਫ

ਮਿਸਰ ਦੇ ਗ੍ਰੈਂਡ ਮੁਫਤੀ ਡਾ. ਸ਼ੌਕੀ ਇਬਰਾਹਿਮ ਅਬਦੇਲ-ਕਰੀਮ ਆਲਮ ਨੇ ਫਿਰਕੂ ਸਦਭਾਵਨਾ ਦੀ ਸਹਿਹੋਂਦ ਅਤੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਪ੍ਰਦਾਨ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ ਹੈ। ਆਪਣੀ 6 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਵਿੱਚ ਕਈ ਥਾਵਾਂ ਦਾ ਦੌਰਾ ਕਰਨ ਵਾਲੇ ਡਾ. ਆਲਮ ਨੇ ਏਐੱਨਆਈ ਨਾਲ ਇਕ ਵਿਸ਼ੇਸ਼ ਇੰਟਰਵਿਊ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ, “ਭਾਰਤ ਇਕ ਅਜਿਹਾ ਦੇਸ਼ ਰਿਹਾ ਹੈ ਜੋ ਭਾਸ਼ਾਈ, ਧਾਰਮਿਕ ਜਾਂ ਨਸਲੀ ਪਿਛੋਕੜ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਹਰੇਕ ਨਾਗਰਿਕ ਨੂੰ ਬਰਾਬਰ ਅਧਿਕਾਰ ਪ੍ਰਦਾਨ ਕਰਦਾ ਹੈ। ਹਰ ਕੋਈ ਪੂਰੀ ਨਾਗਰਿਕਤਾ ਦਾ ਆਨੰਦ ਮਾਣਦਾ ਹੈ ਅਤੇ ਭਾਰਤੀ ਸੰਸਕ੍ਰਿਤੀ ਤੇ ਸੱਭਿਅਤਾ ਦੇ ਤਾਣੇ-ਬਾਣੇ ਵਿੱਚ ਚੰਗੀ ਤਰ੍ਹਾਂ ਨਾਲ ਏਕੀਕ੍ਰਿਤ ਹੈ।”

ਗ੍ਰੈਂਡ ਮੁਫਤੀ (ਮੁੱਖ ਇਸਲਾਮੀ ਪ੍ਰਚਾਰਕ) ਨੇ ਦੱਸਿਆ ਕਿ ਆਪਣੇ ਪ੍ਰਵਾਸ ਦੌਰਾਨ ਉਨ੍ਹਾਂ ਨੇ ਕਈ ਮੁਸਲਿਮ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਅਤੇ ਮਹਿਸੂਸ ਕੀਤਾ ਕਿ ਇਹ ਯੂਨੀਵਰਸਿਟੀਆਂ ਦੂਜੇ ਧਰਮਾਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਲਈ ਖੁੱਲ੍ਹੀਆਂ ਹਨ। ਉਨ੍ਹਾਂ ਅਨੁਸਾਰ ਇਹ ਭਾਰਤੀ ਅਤੇ ਮਿਸਰੀ ਸੱਭਿਆਚਾਰ ਵਿੱਚ ਸਮਾਨਤਾਵਾਂ ਨੂੰ ਦਰਸਾਉਂਦਾ ਹੈ, ਜਿੱਥੇ ਹਰ ਕੋਈ ਕਾਨੂੰਨ ਦੇ ਸਾਹਮਣੇ ਬਰਾਬਰ ਹੈ ਅਤੇ ਇਸ ਦੇ ਹਰ ਨਾਗਰਿਕ ਨੂੰ ਬਰਾਬਰ ਨਾਗਰਿਕਤਾ ਦੇ ਅਧਿਕਾਰ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਦੇ ਮਜ਼ਬੂਤ ਤਾਣੇ-ਬਾਣੇ ਬਾਰੇ ਮੈਂ ਘਰ ਵਾਪਸੀ ‘ਤੇ ਸਾਂਝਾ ਕਰਾਂਗਾ।

ਮੁਫਤੀ ਨੇ ਇਹ ਵੀ ਕਿਹਾ ਕਿ ਮਿਸਰ ਅਤੇ ਭਾਰਤ ਵਿਚਾਲੇ ਮੌਲਵੀਆਂ ਦਾ ਦੌਰਾ ਬਹੁਤ ਆਮ ਰਿਹਾ ਹੈ। ਡਾ. ਆਲਮ ਨੇ ਜ਼ਿਕਰ ਕੀਤਾ ਕਿ ਉਹ ਵੀ ਮਿਸਰ ਵਿੱਚ ਬਹੁਤ ਸਾਰੇ ਭਾਰਤੀ ਵਿਦਵਾਨਾਂ ਅਤੇ ਵਿਦਿਆਰਥੀਆਂ ਦਾ ਆਦਾਨ-ਪ੍ਰਦਾਨ ਕਰਦੇ ਰਹੇ ਹਨ, ਜੋ ਭਵਿੱਖ ਵਿੱਚ ਹੋਰ ਵਧੇਗਾ। ਉਹ ਮਿਸਰ ਦੇ ਉਨ੍ਹਾਂ ਵਿਦਿਆਰਥੀਆਂ ਲਈ ਵੀ ਆਸਵੰਦ ਹਨ, ਜੋ ਭਾਰਤ ਵਿੱਚ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਆ ਰਹੇ ਹਨ।

Add a Comment

Your email address will not be published. Required fields are marked *