ਸ਼ਿਲਪਾ ਸ਼ੈਟੀ ਖ਼ਿਲਾਫ਼ ਦਾਇਰ ਨਜ਼ਰਸਾਨੀ ਪਟੀਸ਼ਨ ਖਾਰਜ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਵਰ੍ਹਾ 2007 ਵਿੱਚ ਵਾਪਰੇ ਅਸ਼ਲੀਲਤਾ ਕੇਸ ਵਿੱਚ ਮੈਜਿਸਟਰੇਟ ਦੀ ਅਦਾਲਤ ਨੇ ਬਰੀ ਕਰ ਦਿੱਤਾ ਸੀ।ਇਹ ਕੇਸ ਹਾਲੀਵੁੱਡ ਅਦਾਕਾਰ ਰਿਚਰਡ ਗੇਅਰ ਵੱਲੋਂ ਇਕ ਜਨਤਕ ਸਮਾਗਮ ਦੌਰਾਨ ਸ਼ਿਲਪਾ ਨੂੰ ਚੁੰਮਣ ਨਾਲ ਸਬੰਧਤ ਹੈ। ਮੈਜਿਸਟਰੇਟ ਵੱਲੋਂ ਸ਼ਿਲਪਾ ਸ਼ੈਟੀ ਨੂੰ ਕੇਸ ਵਿੱਚੋਂ ਬਰੀ ਕਰਨ ਸਬੰਧੀ ਹੁਕਮਾਂ ਨੂੰ ਸੈਸ਼ਨਜ਼ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਤੇ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਵੇਰਵਿਆਂ ਅਨੁਸਾਰ ਮੈਜਿਸਟਰੇਟ ਕੋਰਟ ਦੇ ਹੁਕਮਾਂ ਖ਼ਿਲਾਫ਼ ਇਸਤਗਾਸਾ ਧਿਰ ਵੱਲੋਂ ਦਾਇਰ ਕੀਤੀ ਇਸ ਨਜ਼ਰਸਾਨੀ ਪਟੀਸ਼ਨ ਨੂੰ ਵਧੀਕ ਸੈਸ਼ਨਜ਼ ਜੱਜ ਐੱਸ.ਸੀ. ਜਾਦਵ ਨੇ ਖਾਰਜ ਕਰ ਦਿੱਤਾ ਹੈ। ਇਨ੍ਹਾਂ ਹੁਕਮਾਂ ਸਬੰਧੀ ਵਿਸਥਾਰ ਵਿੱਚ ਵੇਰਵੇ ਹਾਲੇ ਪ੍ਰਾਪਤ ਨਹੀਂ ਹੋਏ ਹਨ। ਕਾਬਿਲੇਗੌਰ ਹੈ ਕਿ ਚੁੰਮਣ ਦੀ ਇਹ ਘਟਨਾ ਰਾਜਸਥਾਨ ਵਿੱਚ ਏਡਜ਼ ਜਾਗਰੂਕਤਾ ਸਮਾਗਮ ਦੌਰਾਨ ਵਾਪਰੀ ਸੀ।

ਇਸ ਘਟਨਾ ਨੇ ਮੀਡੀਆ ਵਿੱਚ ਸੁਰਖੀਆਂ ਬਟੋਰੀਆਂ ਸਨ ਤੇ ਕਈਆਂ ਵੱਲੋਂ ਇਸ ਘਟਨਾ ਨੂੰ ਅਸ਼ਲੀਲਤਾ ਦਾ ਦਰਜਾ ਦਿੱਤਾ ਗਿਆ ਸੀ। ਰਾਜਸਥਾਨ ਵਿੱਚ ਸ਼ਿਲਪਾ ਤੇ ਰਿਚਰਡ ਗੇਅਰ ਖ਼ਿਲਾਫ਼ ਕੇਸ ਵੀ ਦਰਜ ਹੋਇਆ ਸੀ। ਜਨਵਰੀ 2022 ਵਿੱਚ ਮੈਜਿਸਟਰੇਟ ਦੀ ਅਦਾਲਤ ਨੇ ਸ਼ਿਲਪਾ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਸ ਘਟਨਾ ਨੂੰ ਰਿਚਰਡ ਗੇਅਰ ਨੇ ਅੰਜਾਮ ਦਿੱਤਾ ਹੈ ਅਤੇ ਸ਼ਿਲਪਾ ਸ਼ੈਟੀ ਇਸ ਘਟਨਾ ਦਾ ਸ਼ਿਕਾਰ ਹੋਈ ਹੈ।

ਇਸ ਕੇਸ ਦੇ ਸਬੰਧ ਵਿੱਚ ਸੈਸ਼ਨਜ਼ ਕੋਰਟ ਵਿੱਚ ਦਾਇਰ ਕੀਤੀ ਗਈ ਨਜ਼ਰਸਾਨੀ ਪਟੀਸ਼ਨ ਵਿੱਚ ਕਿਹਾ ਗਿਆ ਕਿ ਮੈਜਿਸਟਰੇਟ ਨੇ ਸ਼ਿਲਪਾ ਨੂੰ ਬਰੀ ਕਰਨ ਵਿੱਚ ਗਲਤੀ ਕੀਤੀ ਹੈ। ਇਸੇ ਦੌਰਾਨ ਸ਼ਿਪਲਾ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਸੈਸ਼ਨਜ਼ ਅਦਾਲਤ ਵਿੱਚ ਤਰਕ ਦਿੱਤਾ ਕਿ ਮੈਜਿਸਟਰੇਟ ਵੱਲੋਂ ਸ਼ਿਪਲਾ ਸ਼ੈਟੀ ਨੂੰ ਕੇਸ ਵਿੱਚੋਂ ਬਰੀ ਕਰਨ ਦਾ ਫੈਸਲਾ ਤਰਕਸੰਗਤ ਹੈ ਅਤੇ ਸੁਪਰੀਮ ਕੋਰਟ ਵੱਲੋਂ ਨਿਰਧਾਰਤ ਕੀਤੇ ਗਏ ਮਾਪਦੰਡਾਂ ’ਤੇ ਆਧਾਰਿਤ ਹੈ। ਇਸ ਲਈ ਨਜ਼ਰਸਾਨੀ ਪਟੀਸ਼ਨ ਨੂੰ ਖਾਰਜ ਕੀਤਾ ਜਾਵੇ।

Add a Comment

Your email address will not be published. Required fields are marked *