ਖਾਲਿਸਤਾਨ ਨੂੰ ਲੈ ਕੇ ਮਨਿੰਦਰ ਗਿੱਲ ਦਾ ਬਿਆਨ ਆਇਆ ਸਾਹਮਣੇ

ਸਰੀ- ਖਾਲਿਸਤਾਨ ਦੀ ਪ੍ਰਾਪਤੀ ਬਾਹਵਾਂ ਉੱਚੀਆਂ ਕਰਕੇ ਮਾਰੇ ਕੱਲ੍ਹੇ ਨਾਅਰਿਆਂ-ਜੈਕਾਰਿਆਂ ਨਾਲ ਨਹੀਂ ਹੋਣੀ ਸਗੋਂ ਉਸ ਲਈ ਸੁਹਿਰਦਤਾ ਨਾਲ ਲਡ਼ਾਈ ਲੜਨੀ ਪੈਣੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ ਨੇ ਕਿਹਾ ਯੂਕ੍ਰੇਨ ਨੂੰ ਜਿੱਤਣ ਲਈ ਰੂਸ ਦੀਆਂ ਫੌਜਾਂ ਯੂਕ੍ਰੇਨ ਚ ਆਕੇ ਲੜ ਰਹੀਆਂ ਹਨ, ਪਰ ਸਾਡੇ ਖਾਲਿਸਤਾਨੀ ਆਗੂ 14 ਹਜ਼ਾਰ ਕਿਲੋਮੀਟਰ ਦੂਰ ਕੈਨੇਡਾ ‘ਚ ਨਾਅਰੇ ਮਾਰਕੇ ਖਾਲਿਸਤਾਨ ਦੇ ਸੁਪਨੇ ਲੈ ਰਹੇ ਹਨ। 

ਗਿੱਲ ਨੇ ਕਿਹਾ ਕਿ ਜਿਵੇਂ ਖਾਲਿਸਤਾਨ ਦੇ ਨਾਮਨਿਹਾਦ ‘ਉੱਪ ਪ੍ਰਧਾਨ’ ਹਰਦੀਪ ਸਿੰਘ ਨਿੱਝਰ, ਆਪੂੰ ਬਣੇ ਜਥੇਦਾਰ ਸਤਿੰਦਰਪਾਲ ਸਿੰਘ ਗਿੱਲ ਦੀ ਹਾਜ਼ਰੀ ਵਿਚ ਸਰੀ ਵਿਚ ਕਿਸੇ ਨੂੰ ਖੰਘਣ ਨਾ ਦੇਣ ਦੀਆਂ ਟਾਹਰਾਂ ਮਾਰਦੇ ਹਨ, ਓਵੇਂ ਹੀ ਇੰਦਰਜੀਤ ਸਿੰਘ ਬੈਂਸ ਕਿਸੇ MLA, MP ਨੂੰ ਸਰੀ ਵਿਚ ਨਾ ਵੜਣ ਦੇਣ ਦੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਕਿਹਾ ਕਿ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਦੋਵੇਂ ਪੋਤਰੇ ਰਵਨੀਤ ਸਿੰਘ ਬਿੱਟੂ ਅਤੇ ਗੁਰਕੀਰਤ ਸਿੰਘ ਕੋਟਲੀ, 10-10 ਦਿਨ ਸਰੀ ਵਿੱਚ ਰਹਿਕੇ ਗਏ ਹਨ ਤੇ ਇਸ ਦੌਰਾਨ ਖਾਲਿਸਤਾਨੀ ਨੇਤਾਵਾਂ ਨੂੰ ਮਿਲਦੇ ਵੀ ਰਹੇ ਹਨ। ਗਿੱਲ ਅਨੁਸਾਰ ਆਰੀਆ ਬੈਂਕੁਟ ਹਾਲ ‘ਚ ਗੁਰਕੀਰਤ ਕੋਟਲੀ, ਰਾਣਾ ਗੁਰਜੀਤ ਅਤੇ ਰਮਨਜੀਤ ਸਿੱਕੀ ਦਾ ਸਮਾਗਮ ਵੀ ਹੋਇਆ ਤੇ ਖਾਲਿਸਤਾਨੀਆਂ ਅਤੇ ਕਮਿਊਨਿਟੀ ਆਗੂਆਂ ਨੇ ਇਸ ਵਿੱਚ ਸ਼ਿਰਕਤ ਵੀ ਕੀਤੀ ਸੀ। ਉਨ੍ਹਾਂ ਕਿਹਾ ਕਿ ਇਥੇ ਹੀ ਬਸ ਨਹੀਂ BJP ਅਤੇ ਕਾਂਗਰਸ ਦੇ ਨੇਤਾ ਕਿੰਨੀ ਵਾਰ ਗੁਰਦੁਆਰਾ ਦਸ਼ਮੇਸ਼ ਦਰਬਾਰ ‘ਚ ਆਏ ਤੇ ਸੰਗਤ ਨੂੰ ਸੰਬੋਧਨ ਵੀ ਕਰਕੇ ਗਏ ਹਨ।

ਉਨ੍ਹਾਂ ਕਿਹਾ ਕਿ ਖਾਲਿਸਤਾਨ ਦੇ ‘ਆਗੂ’ ਗੁਰਪਤਵੰਤ ਸਿੰਘ ਪੰਨੂ ਤੇ ਉਪ ਪ੍ਰਧਾਨ ਹਰਦੀਪ ਸਿੰਘ ਨਿੱਝਰ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਸਾਹਿਬਾਨ ਕਹਿੰਦੇ ਹਨ ਕਿ “ਸਾਨੂੰ ਪੁਲਸ ਅਧਿਕਾਰੀਆਂ ਦੇ ਕੈਨੇਡਾ ਰਹਿੰਦੇ ਬੱਚਿਆਂ ਦਾ ਡਾਟਾ ਦਿਓ, ਅਸੀਂ ਏਥੇ ਉਨ੍ਹਾਂ ‘ਤੇ ਕਾਰਵਾਈ ਕਰਾਂਗੇ”, ਕੀ ਇਨ੍ਹਾਂ ਨੂੰ ਨਹੀਂ ਪਤਾ ਕਿ ਬੱਚੇ ਕਿੱਥੇ ਪੜ੍ਹਦੇ ਹਨ, ਜੇ ਇਨ੍ਹਾਂ ਵਿਚ ਹਿੰਮਤ ਹੈ ਤਾਂ ਕਿਸੇ ਇੱਕ ਬੱਚੇ ਦੀ ਹਵਾ ਵੱਲ ਵੀ ਝਾਕ ਕੇ ਵਿਖਾਉਣ। ਉਨ੍ਹਾਂ ਖਰੂਦੀ ਆਗੂਆਂ ਨੂੰ ਕਿਹਾ ਕਿ ਸੁੱਖੀ ਸਾਂਦੀ ਵੱਸਦੇ ਸਰੀ ਦੇ ਸਿੱਖ ਭਾਈਚਾਰੇ ‘ਤੇ ਤਰਸ ਕਰੋ। 

Add a Comment

Your email address will not be published. Required fields are marked *