‘ਆਦਿਪੁਰਸ਼’ ਦੇ ਨਵੇਂ ਪੋਸਟਰ ’ਤੇ ਵਿਵਾਦ, ਮਾਂ ਸੀਤਾ ਦੀ ਮਾਂਗ ’ਚੋਂ ਸਿੰਦੂਰ ਗਾਇਬ ਹੋਣ ’ਤੇ ਭੜਕੇ ਲੋਕ

ਮੁੰਬਈ– ਫ਼ਿਲਮ ਨਿਰਦੇਸ਼ਕ ਓਮ ਰਾਓਤ ਦੀ ਆਉਣ ਵਾਲੀ ਫ਼ਿਲਮ ‘ਆਦਿਪੁਰਸ਼’ ਇਕ ਵਾਰ ਮੁੜ ਸੁਰਖ਼ੀਆਂ ’ਚ ਹੈ। ਰਾਮਨੌਮੀ ਮੌਕੇ ਨਿਰਮਾਤਾਵਾਂ ਨੇ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ’ਚ ਪ੍ਰਭਾਸ ਰਾਮ ਦੇ ਰੂਪ ’ਚ, ਕ੍ਰਿਤੀ ਸੈਨਨ ਜਾਨਕੀ ਦੇ ਰੂਪ ’ਚ, ਸੰਨੀ ਸਿੰਘ ਲਕਸ਼ਮਣ ਦੇ ਰੂਪ ’ਚ ਤੇ ਦੇਵਦੱਤ ਬਜਰੰਗ ਦੇ ਰੂਪ ’ਚ ਹਨ। ਇਸ ਪੋਸਟਰ ਨੂੰ ਦੇਖ ਕੇ ਇਕ ਵਾਰ ਮੁੜ ‘ਆਦਿਪੁਰਸ਼’ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਇਸ ਵਾਰ ਯੂਜ਼ਰਸ ਨੇ ਇਸ ਪੋਸਟਰ ’ਤੇ ਇਤਰਾਜ਼ ਜਤਾਇਆ ਹੈ ਤੇ ਕੁਝ ਨੇ ਦੋਸ਼ ਲਗਾਇਆ ਹੈ ਕਿ ਮੇਕਰਸ ਨੇ ਬਦਲਾਅ ਨਹੀਂ ਕੀਤਾ ਹੈ।

‘ਆਦਿਪੁਰਸ਼’ ਦੇ ਟੀਜ਼ਰ ਲਾਂਚ ਦੇ ਸਮੇਂ ਇਸ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤੇ ਕਈ ਮਾਮਲੇ ਵੀ ਦਰਜ ਕੀਤੇ ਗਏ ਸਨ। ਸੈਫ ਅਲੀ ਖ਼ਾਨ ਨੂੰ ਲੰਕੇਸ਼ ਰਾਵਣ ਦੇ ਰੂਪ ’ਚ ਦੇਖਣ ’ਤੇ ਲੋਕਾਂ ਨੇ ਇਤਰਾਜ਼ ਜਤਾਇਆ ਸੀ। ਉਸ ਦੀ ਲੰਬੀ ਦਾੜ੍ਹੀ ਦੀ ਤੁਲਨਾ ਮੁਗਲਾਂ ਨਾਲ ਕੀਤੀ ਜਾਂਦੀ ਸੀ। ਇਹ ਵਿਵਾਦ ਇੰਨਾ ਵੱਧ ਗਿਆ ਸੀ ਕਿ ਮੇਕਰਸ ਨੂੰ ਇਸ ਦੀ ਰਿਲੀਜ਼ ਡੇਟ ਟਾਲਣੀ ਪਈ ਸੀ। ਇੰਨਾ ਹੀ ਨਹੀਂ, ਨਿਰਦੇਸ਼ਕ ਨੇ ਇਸ ਫ਼ਿਲਮ ’ਚ ਕੁਝ ਬਦਲਾਅ ਵੀ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਸ ਦੇ ਵਧੇ ਹੋਏ ਬਜਟ ਬਾਰੇ ਸੁਣ ਕੇ ਲੋਕ ਹੈਰਾਨ ਰਹਿ ਗਏ ਸਨ।

ਹੁਣ ਜਦੋਂ ਰਾਮਨੌਮੀ ਦੇ ਮੌਕੇ ’ਤੇ ਓਮ ਰਾਓਤ ਤੇ ਫ਼ਿਲਮੀ ਸਿਤਾਰਿਆਂ ਨੇ ‘ਆਦਿਪੁਰਸ਼’ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਤਾਂ ਇਕ ਵਾਰ ਮੁੜ ਵਿਵਾਦ ਖੜ੍ਹਾ ਹੋ ਗਿਆ। ਟਵਿਟਰ ’ਤੇ #Adipurush ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ, ਜਿਥੇ ਹਜ਼ਾਰਾਂ ਟਵੀਟਸ ਹਨ। ਇਸ ਵਾਰ ਕੁਝ ਯੂਜ਼ਰਸ ਨੇ ਪੋਸਟਰ ’ਤੇ ਖ਼ੁਸ਼ੀ ਜ਼ਾਹਿਰ ਕੀਤੀ, ਜਦਕਿ ਕਈ ਯੂਜ਼ਰਸ ਨੇ ਨਾਰਾਜ਼ਗੀ ਜਤਾਈ।

ਸੈਫ ਅਲੀ ਖ਼ਾਨ ਤੋਂ ਬਾਅਦ ਲੋਕਾਂ ਨੇ ਕ੍ਰਿਤੀ ਸੈਨਨ ਦੇ ਲੁੱਕ ’ਤੇ ਵੀ ਉਂਗਲ ਉਠਾਈ ਹੈ। ਦੋਸ਼ ਸੀ ਕਿ ਨਿਰਮਾਤਾਵਾਂ ਨੇ ਮਾਂ ਸੀਤਾ ਦੇ ਕਿਰਦਾਰ ਨਾਲ ਛੇੜਛਾੜ ਕੀਤੀ ਹੈ। ਪੋਸਟਰ ’ਚ ਸਿੰਦੂਰ ਨਹੀਂ ਲਗਾਇਆ ਗਿਆ ਹੈ। ਯੂਜ਼ਰ ਨੇ ਲਿਖਿਆ, ‘‘ਵਿਸ਼ਵਾਸ ਨਹੀਂ ਹੋ ਰਿਹਾ ਕਿ ਮਨੋਜ ਮੁੰਤਾਸ਼ੀਰ ਵੀ ਇਸ ਪ੍ਰਾਜੈਕਟ ’ਚ ਸ਼ਾਮਲ ਹਨ। ਦੱਸੋ ਸਿੰਦੂਰ ਹੀ ਗਾਇਬ ਕਰ ਦਿੱਤਾ।’’

Add a Comment

Your email address will not be published. Required fields are marked *