ਭਾਰਤ ਤੋਂ ਆਟੇ ਦੀ ਬਰਾਮਦ ’ਤੇ ਪਾਬੰਦੀ ਨਾਲ ਨਿਊਜ਼ੀਲੈਂਡ ਤੇ ਆਸਟ੍ਰੇਲੀਆ ’ਚ ਮਚੀ ਹਾਹਾਕਾਰ

ਨਿਊਜ਼ੀਲੈਂਡ – ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ’ਚ ਆਟੇ ਦੀ ਬਰਾਮਦ ’ਤੇ ਪੂਰਨ ਰੂਪ ’ਚ ਮਈ, 2022 ’ਚ ਰੋਕ ਲਾ ਦਿੱਤੀ ਗਈ ਸੀ। ਸਰਕਾਰ ਨੂੰ ਸ਼ੱਕ ਸੀ ਕਿ ਦੇਸ਼ ’ਚ ਕਣਕ ਦੀ ਘਟਦੀ ਪੈਦਾਵਾਰ ਕਾਰਨ ਕਿਤੇ ਘਰੇਲੂ ਬਾਜ਼ਾਰ ’ਚ ਆਟੇ ਦੇ ਭਾਅ ਆਸਮਾਨ ਨਾ ਛੂਹਣ ਲੱਗ ਜਾਣ। ਇਸ ਲਈ ਇਸ ਸਥਿਤੀ ਤੋਂ ਬਚਨ ਲਈ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਇਸ ਫੈਸਲੇ ਨੂੰ ਲਾਗੂ ਕੀਤਾ। ਇਹ ਫੈਸਲਾ ਜਿੱਥੇ ਭਾਰਤ ਵਾਸੀਆਂ ਲਈ ਲਾਭਦਾਇਕ ਸਾਬਤ ਹੋਇਆ, ਉੱਥੇ ਹੀ ਦੂਜੇ ਪਾਸੇ ਭਾਰਤਵੰਸ਼ੀਆਂ ਲਈ ਗਲੇ ’ਚ ਫਸੀ ਹੱਡੀ ਵਾਂਗ ਚਿੰਤਾਜਨਕ ਅਤੇ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ।

ਇਸ ਫੈਸਲੇ ਦਾ ਸਿੱਧਾ ਅਸਰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਮੁਲਕਾਂ ’ਚ ਦੇਖਣ ਨੂੰ ਮਿਲਿਆ, ਜਿੱਥੇ ਇਸ ਪਾਬੰਦੀ ਤੋਂ ਪਹਿਲਾਂ 10 ਕਿੱਲੋ ਦੀ ਭਾਰਤੀ ਉਤਪਾਦਿਤ ਆਟੇ ਦੀ ਥੈਲੀ ਦਾ ਮੁੱਲ ਲਗਭਗ 15 ਤੋਂ 20 ਡਾਲਰ ਸੀ, ਉੱਥੇ ਹੀ ਹੁਣ ਇਹ 40 ਤੋਂ 50 ਡਾਲਰ ’ਚ ਵਿਕ ਰਹੀ ਹੈ। ਹਾਲਤ ਇਹ ਹੈ ਕਿ ਕਈ ਰਿਟੇਲ ਦੀਆਂ ਦੁਕਾਨਾਂ ’ਤੇ ਤਾਂ ਆਟਾ ਤੋਲ ਕੇ ਖੁੱਲ੍ਹਾ ਵਿਕ ਰਿਹਾ ਹੈ, ਜਿੱਥੇ ਇਸ ਦਾ ਮੁੱਲ ਪ੍ਰਤੀ ਕਿੱਲੋ 5 ਤੋਂ 7 ਡਾਲਰ ਤੱਕ ਵਸੂਲਿਆ ਜਾ ਰਿਹਾ ਹੈ। ਆਟੇ ਦੀ ਸਥਾਨਕ ਬਾਜ਼ਾਰ ’ਚ ਭਾਰੀ ਕਿੱਲਤ ਹੋਣ ਕਾਰਨ ਅੱਜ-ਕੱਲ੍ਹ ਕਈ ਘਰਾਂ ’ਚ ਤਾਂ ਚੁੱਲ੍ਹੇ ’ਤੇ ਰੋਟੀ ਹੀ ਨਹੀਂ ਬਣ ਰਹੀ।

ਇਸ ਸਥਿਤੀ ਨਾਲ ਨਜਿੱਠਣ ਲਈ ਕਈ ਸਮਾਜਿਕ ਸੰਸਥਾਵਾਂ ਅੱਗੇ ਆ ਕੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨ੍ਹਾਂ ’ਚੋਂ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰ ਆਕਲੈਂਡ ’ਚ ਗੁਰਦੁਆਰਾ ਸਾਹਿਬ ਟਕਾ ਨਿਨੀ ਦੇ ਪ੍ਰਧਾਨ ਦਲਜੀਤ ਸਿੰਘ ਲੋਕਾਂ ਦੀ ਵਧ-ਚੜ੍ਹ ਕੇ ਮਦਦ ਕਰਨ ਦੀ ਕੋਸ਼ਿਸ਼ ’ਚ ਜੁਟੇ ਹਨ। ਉਹ ਜਿੰਨਾ ਹੋ ਸਕੇ ਲੋਕਾਂ ਨੂੰ ਘਰੇਲੂ ਉਤਪਾਦਿਤ ਆਟਾ 25 ਡਾਲਰ ’ਚ ਮੁਹੱਈਆ ਕਰਵਾ ਰਹੇ ਹਨ। ਵਿਦੇਸ਼ਾਂ ’ਚ ਵੱਸੇ ਭਾਰਤੀਆਂ ਦੇ ਨਾਲ-ਨਾਲ ਦੂਜੇ ਦੇਸ਼ਾਂ ਨਾਲ ਸਬੰਧਤ ਲੋਕ ਜੋ ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ ਆਦਿ ਤੋਂ ਆਉਂਦੇ ਹਨ, ਉਹ ਵੀ ਭਾਰਤੀ ਆਟੇ ’ਤੇ ਨਿਰਭਰ ਹਨ। ਇਹ ਸਭ ਲੋਕ ਵੀ ਭਾਰਤਵਾਸੀਆਂ ਦੇ ਨਾਲ-ਨਾਲ ਭਾਰਤੀ ਹਕੂਮਤ ਵੱਲ ਉਮੀਦ ਦੀਆਂ ਨਜ਼ਰਾਂ ਲਾਈ ਬੈਠੇ ਹਨ ਕਿ ਉਹ ਆਪਣੀ ਲਾਈ ਪਾਬੰਦੀ ’ਤੇ ਪੂਰੀ ਤਰ੍ਹਾਂ ਤੋਂ ਰੋਕ ਹਟਾਏ ਤਾਂ ਕਿ ਇਸ ਸਮੱਸਿਆ ਤੋਂ ਉਨ੍ਹਾਂ ਨੂੰ ਨਿਜਾਤ ਮਿਲ ਸਕੇ।

Add a Comment

Your email address will not be published. Required fields are marked *