ਟ੍ਰੰਪ ਦੇ ਪੋਰਨ ਸਟਾਰ ਸਕੈਂਡਲ ‘ਤੇ ਬਾਈਡੇਨ ਦੀ ਪਹਿਲੀ ਪ੍ਰਤੀਕਿਰਿਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਗ੍ਰਿਫ਼ਤਾਰੀ ਦੇ ਬੱਦਲ ਮੰਡਰਾ ਰਹੇ ਹਨ। ਫਿਲਹਾਲ ਉਨ੍ਹਾਂ ਨੂੰ ਲੈ ਕੇ ਅਮਰੀਕੀ ਮੀਡੀਆ ‘ਚ ਕਈ ਤਰ੍ਹਾਂ ਦੀਆਂ ਖ਼ਬਰਾਂ ਚੱਲ ਰਹੀਆਂ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਟ੍ਰੰਪ ‘ਤੇ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਜਦੋਂ ਬਾਈਡੇਨ ਨੂੰ ਟ੍ਰੰਪ ਬਾਰੇ ਪੁੱਛਿਆ ਗਿਆ ਕਿ ਕੀ ਉਨ੍ਹਾਂ ‘ਤੇ ਲੱਗੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ ਤਾਂ ਬਾਈਡੇਨ ਨੇ ਕਿਹਾ, “ਉਹ ਟ੍ਰੰਪ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।”

ਮੈਨਹਟਨ ਜ਼ਿਲ੍ਹਾ ਅਟਾਰਨੀ ਦਫ਼ਤਰ ਦੀ ਜਿਊਰੀ ਨੇ ਲਗਭਗ ਇਕ ਸਾਲ ਤੱਕ ਜਾਂਚ ਕੀਤੀ, ਜਿਸ ਤੋਂ ਬਾਅਦ ਡੋਨਾਲਡ ਟ੍ਰੰਪ ‘ਤੇ ਇਹ ਦੋਸ਼ ਲਗਾਇਆ ਗਿਆ ਹੈ। ਦੱਸ ਦੇਈਏ ਕਿ ਬਾਈਡੇਨ ਤੋਂ ਇਲਾਵਾ ਵ੍ਹਾਈਟ ਹਾਊਸ ਨੇ ਵੀ ਟ੍ਰੰਪ ‘ਤੇ ਲੱਗੇ ਦੋਸ਼ਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮੈਨਹਟਨ ਜ਼ਿਲ੍ਹਾ ਅਦਾਲਤ, ਜੋ ਕਿ 2016 ਤੋਂ ਡੋਨਾਲਡ ਟ੍ਰੰਪ ਦੇ ਖ਼ਿਲਾਫ਼ ਹਸ਼ ਮਨੀ ਭੁਗਤਾਨ ਮਾਮਲੇ ਦੀ ਜਾਂਚ ਕਰ ਰਹੀ ਹੈ, ਨੇ ਸਾਬਕਾ ਰਾਸ਼ਟਰਪਤੀ ‘ਤੇ ਇਹ ਗੰਭੀਰ ਦੋਸ਼ ਲਗਾਏ ਹਨ।

ਇਨ੍ਹਾਂ ਦੋਸ਼ਾਂ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਡੋਨਾਲਡ ਟ੍ਰੰਪ ਨੇ ਬਾਲਗ ਫਿਲਮ ਸਟਾਰ ਸਟੋਰਮੀ ਡੇਨੀਅਲਸ ਨੂੰ 1,30,000 ਡਾਲਰ ਦਾ ਭੁਗਤਾਨ ਕੀਤਾ ਸੀ। ਇਸ ਪੂਰੇ ਮਾਮਲੇ ਵਿੱਚ ਮੈਨਹਟਨ ਜ਼ਿਲ੍ਹਾ ਅਟਾਰਨੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਟ੍ਰੰਪ ਦੇ ਵਕੀਲ ਨਾਲ ਗੱਲ ਕੀਤੀ ਹੈ। ਇਸ ਗੱਲਬਾਤ ਵਿੱਚ ਟ੍ਰੰਪ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਹੈ। ਟ੍ਰੰਪ ਨੂੰ ਮੈਨਹਟਨ ਡਿਸਟ੍ਰਿਕਟ ਅਟਾਰਨੀ ਦਫ਼ਤਰ ਵਿਖੇ ਆਤਮ-ਸਮਰਪਣ ਕੀਤਾ ਜਾਵੇਗਾ।

ਦੂਜੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟ੍ਰੰਪ ਨੇ ਆਪਣੇ ਖ਼ਿਲਾਫ਼ ਲੱਗੇ ਇਨ੍ਹਾਂ ਦੋਸ਼ਾਂ ‘ਤੇ ਕਿਹਾ ਕਿ ਉਨ੍ਹਾਂ ਨਾਲ ਜੋ ਕੁਝ ਹੋਇਆ ਹੈ, ਉਹ ਇਤਿਹਾਸ ਦੇ ਸਭ ਤੋਂ ਵੱਡੇ ਪੈਮਾਨੇ ‘ਤੇ ਸਿਆਸੀ ਪ੍ਰੇਸ਼ਾਨੀ ਅਤੇ ਚੋਣ ਦਖਲਅੰਦਾਜ਼ੀ ਨੂੰ ਦਰਸਾਉਂਦਾ ਹੈ। ਟ੍ਰੰਪ ਨੇ ਇਸ ਦੌਰਾਨ ਇਹ ਵੀ ਕਿਹਾ ਹੈ ਕਿ ਜਦੋਂ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ, ਉਸ ਤੋਂ ਵੀ ਪਹਿਲਾਂ ਕੱਟੜਪੰਥੀ ਖੱਬੇ-ਪੱਖੀ ਡੈਮੋਕ੍ਰੇਟਸ ਜੋ ਕਿ ਅਮਰੀਕਾ ਦੇ ਮਿਹਨਤੀ ਲੋਕਾਂ ਦੇ ਦੁਸ਼ਮਣ ਹਨ, ਮੇਕ ਅਮਰੀਕਾ ਗ੍ਰੇਟ ਮੂਵਮੈਂਟ ਨੂੰ ਇਕ ‘ਵਿਚ ਹੰਟ’ (Witch Hunt) ਰਾਹੀਂ ਤਬਾਹ ਕਰਨ ਵਿੱਚ ਲੱਗੇ ਹੋਏ ਹਨ।

Add a Comment

Your email address will not be published. Required fields are marked *