ਪਾਕਿਸਤਾਨ ਦੇ ਪੇਸ਼ਾਵਰ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣੇਗੀ ਮੁਸਰਰਤ ਹਿਲਾਲੀ

ਪੇਸ਼ਾਵਰ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਮੌਜੂਦਾ ਕੈਸਰ ਰਸ਼ੀਦ ਦੀ ਸੇਵਾਮੁਕਤੀ ਤੋਂ ਬਾਅਦ ਜਸਟਿਸ ਮੁਸਰਰਤ ਹਿਲਾਲੀ 1 ਅਪ੍ਰੈਲ ਨੂੰ ਪੇਸ਼ਾਵਰ ਹਾਈ ਕੋਰਟ ਦੀ ਪਹਿਲੀ ਮਹਿਲਾ ਚੀਫ਼ ਜਸਟਿਸ ਬਣਨ ਜਾ ਰਹੀ ਹੈ। ਜੀਓ ਟੀਵੀ ਦੀ ਰਿਪੋਰਟ ਮੁਤਾਬਕ, ਬਲੋਚਿਸਤਾਨ ਹਾਈ ਕੋਰਟ ਦੀ ਚੋਟੀ ਦੀ ਜੱਜ ਜਸਟਿਸ ਤਾਹਿਰਾ ਸਫ਼ਦਰ ਤੋਂ ਬਾਅਦ ਹਿਲਾਲੀ ਦੂਜੀ ਮਹਿਲਾ ਹੋਵੇਗੀ, ਜੋ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਅਹੁਦਾ ਸੰਭਾਲੇਗੀ।

ਚੈਨਲ ਦੀ ਰਿਪੋਰਟ ਮੁਤਾਬਕ ਜਸਟਿਸ ਹਿਲਾਲੀ ਪੇਸ਼ਾਵਰ ਹਾਈ ਕੋਰਟ ਦੇ ਸਭ ਤੋਂ ਸੀਨੀਅਰ ਜੱਜਾਂ ਵਿੱਚੋਂ ਇਕ ਸਨ ਅਤੇ ਆਪਣੀ ਸੇਵਾਮੁਕਤੀ ਤੱਕ ਚੀਫ਼ ਜਸਟਿਸ ਵਜੋਂ ਕੰਮ ਕਰਨਗੇ। 8 ਅਗਸਤ, 1961 ਨੂੰ ਪੇਸ਼ਾਵਰ ਵਿੱਚ ਜਨਮੀ ਹਿਲਾਲੀ ਨੇ ਖੈਬਰ ਲਾਅ ਕਾਲਜ ਪੇਸ਼ਾਵਰ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸਾਲ 1983 ਵਿੱਚ ਜ਼ਿਲ੍ਹਾ ਅਦਾਲਤਾਂ ਦੇ ਵਕੀਲ ਵਜੋਂ, 1988 ਵਿੱਚ ਹਾਈ ਕੋਰਟ ਦੇ ਵਕੀਲ ਵਜੋਂ ਅਤੇ 2006 ਵਿੱਚ ਸੁਪਰੀਮ ਕੋਰਟ ਦੀ ਇਕ ਵਕੀਲ ਵਜੋਂ ਸੇਵਾਵਾਂ ਦਿੱਤੀਆਂ।

ਉਹ ਨਵੰਬਰ 2001 ਤੋਂ ਮਾਰਚ 2004 ਤੱਕ ਖੈਬਰ ਪਖਤੂਨਖਵਾ ਦੀ ਪਹਿਲੀ ਮਹਿਲਾ ਵਧੀਕ ਐਡਵੋਕੇਟ ਜਨਰਲ ਵੀ ਸੀ ਅਤੇ ਬਾਅਦ ਵਿੱਚ ਉਨ੍ਹਾਂ ਖੈਬਰ ਪਖਤੂਨਖਵਾ ਵਾਤਾਵਰਣ ਸੁਰੱਖਿਆ ਟ੍ਰਿਬਿਊਨਲ ਦੀ ਪਹਿਲੀ ਮਹਿਲਾ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ। ਉਨ੍ਹਾਂ ਨੂੰ 26 ਮਾਰਚ 2013 ਨੂੰ ਇੱਕ ਵਧੀਕ ਜੱਜ ਵਜੋਂ ਬੈਂਚ ਵਿੱਚ ਤਰੱਕੀ ਦਿੱਤੀ ਗਈ ਅਤੇ 13 ਮਾਰਚ 2014 ਨੂੰ ਪੀ.ਐੱਚ.ਸੀ. ਦੀ ਸਥਾਈ ਜੱਜ ਵਜੋਂ ਪੁਸ਼ਟੀ ਕੀਤੀ ਗਈ। ਪਿਛਲੇ ਸਾਲ ਜਨਵਰੀ ਵਿੱਚ ਜੱਜ ਆਇਸ਼ਾ ਮਲਿਕ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਵਜੋਂ ਸਹੁੰ ਚੁੱਕਣ ਤੋਂ ਬਾਅਦ ਪਾਕਿਸਤਾਨ ਦੀ ਨਿਆਂ ਪ੍ਰਣਾਲੀ ਵਿੱਚ ਇਤਿਹਾਸ ਰਚਿਆ ਸੀ।

Add a Comment

Your email address will not be published. Required fields are marked *