ਸਰਕਾਰੀ ਸਕੂਲਾਂ ‘ਚ ਦਾਖ਼ਲੇ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ

ਚੰਡੀਗੜ੍ਹ : ਸ਼ਹਿਰ ਦੇ ਨਿੱਜੀ ਸਕੂਲਾਂ ਤੋਂ ਬਾਅਦ ਹੁਣ ਸ਼ਹਿਰ ਦੇ ਸਰਕਾਰੀ ਸਕੂਲ ਵੀ ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲਾ ਕਰਨ ਜਾ ਰਹੇ ਹਨ। ਪਹਿਲੀ ਤੋਂ 10ਵੀਂ ਜਮਾਤ ‘ਚ ਦਾਖ਼ਲੇ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਮੁਖੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ‘ਚ ਦੱਸਿਆ ਗਿਆ ਹੈ ਕਿ ਆਉਣ ਵਾਲੇ ਨਵੇਂ ਸੈਸ਼ਨ ‘ਚ ਦਾਖ਼ਲਾ ਲੈਣ ਸਮੇਂ ਕਿਹੜੀਆਂ ਗੱਲਾਂ ਦਾ ਪਾਲਣ ਕਰਨਾ ਚਾਹੀਦਾ ਹੈ। ਹਦਾਇਤਾਂ ‘ਚ ਕਿਹਾ ਗਿਆ ਹੈ ਕਿ ਪਹਿਲੀ ਤੋਂ 8ਵੀਂ ਜਮਾਤ ‘ਚ ਦਾਖ਼ਲਾ ਆਰ. ਟੀ. ਈ. ਅਤੇ ਨਵੀਂ ਸਿੱਖਿਆ ਨੀਤੀ 2020 ਅਧੀਨ ਹੋਵੇਗਾ। ਹਦਾਇਤਾਂ ਅਨੁਸਾਰ ਪ੍ਰਾਇਮਰੀ ਜਮਾਤ ਲਈ ਇਕ ਕਿਲੋਮੀਟਰ ਸਕੂਲ ਦੇ ਦਾਇਰੇ ‘ਚ ਰਹਿਣ ਵਾਲੇ ਬੱਚੇ ਅਤੇ ਉੱਚ ਪ੍ਰਾਇਮਰੀ ਜਮਾਤਾਂ ‘ਚ 3 ਕਿਲੋਮੀਟਰ ਦੇ ਘੇਰੇ ‘ਚ ਰਹਿਣ ਵਾਲੇ ਬੱਚਿਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ ਪਰ ਇਹ ਬੱਚੇ ਚੰਡੀਗੜ੍ਹ ਦੇ ਵਸਨੀਕ ਹੋਣੇ ਚਾਹੀਦੇ ਹਨ। ਜੇਕਰ ਸੀਟਾਂ ਖ਼ਾਲੀ ਰਹਿੰਦੀਆਂ ਹਨ ਤਾਂ ਪ੍ਰਾਇਮਰੀ ਜਮਾਤਾਂ ਲਈ ਖੇਤਰ ਤਿੰਨ ਕਿਲੋਮੀਟਰ ਤੱਕ ਵਧਾ ਦਿੱਤਾ ਜਾਵੇਗਾ ਅਤੇ ਅੱਪਰ ਪ੍ਰਾਇਮਰੀ ਜਮਾਤਾਂ ਲਈ ਇਸ ਨੂੰ ਵਧਾ ਕੇ 5 ਕਿਲੋਮੀਟਰ ਕੀਤਾ ਜਾਵੇਗਾ।

ਨਵੇਂ ਦਾਖ਼ਲੇ ਸਿਰਫ਼ 9ਵੀਂ ਜਮਾਤ ‘ਚ ਖ਼ਾਲੀ ਸੀਟਾਂ ’ਤੇ ਹੀ ਕੀਤੇ ਜਾਣਗੇ ਅਤੇ ਉਹ ਵੀ ਲਿਖ਼ਤੀ ਪ੍ਰੀਖਿਆ ਦੇ ਆਧਾਰ ’ਤੇ। ਇਹ ਪ੍ਰੀਖਿਆ ਅੰਗਰੇਜ਼ੀ, ਗਣਿਤ, ਵਿਗਿਆਨ, ਸਮਾਜਿਕ ਅਧਿਐਨ ਅਤੇ ਪਹਿਲੀ ਭਾਸ਼ਾ ’ਤੇ ਆਧਾਰਿਤ ਹੋਵੇਗੀ। ਇਸ ਤੋਂ ਇਲਾਵਾ ਦੂਜੀ ਤੋਂ 10ਵੀਂ ਜਮਾਤ ਤੱਕ ਛੋਟੀ ਜਮਾਤ ਪਾਸ ਕਰਨ ਵਾਲਿਆਂ ਨੂੰ ਤਰੱਕੀ ਦੇ ਆਧਾਰ ’ਤੇ ਵੱਡੀ ਜਮਾਤ ‘ਚ ਦਾਖ਼ਲਾ ਦਿੱਤਾ ਜਾਵੇਗਾ।

ਸਕੂਲਾਂ ‘ਚ ਪਹਿਲੀ ਤੋਂ ਪੰਜਵੀਂ ਜਮਾਤ ਲਈ ਹਰੇਕ ਸੈਕਸ਼ਨ ‘ਚ 40 ਸੀਟਾਂ ਅਤੇ ਛੇਵੀਂ ਤੋਂ 10ਵੀਂ ਜਮਾਤ ਲਈ ਹਰੇਕ ਸੈਕਸ਼ਨ ‘ਚ 45 ਸੀਟਾਂ ਹੋਣਗੀਆਂ। ਇਕ ਸਕੂਲ ਛੱਡ ਕੇ ਦੂਜੇ ਸਕੂਲ ‘ਚ ਦਾਖ਼ਲੇ ਲਈ ਸਥਾਨਕ ਮਾਈਗ੍ਰੇਸ਼ਨ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ ਸਕੂਲ ਵਿਭਾਗ ਦੀ ਇਜਾਜ਼ਤ ਤੋਂ ਬਾਅਦ ਹੀ ਮਾਈਗ੍ਰੇਸ਼ਨ ਸਰਟੀਫਿਕੇਟ ਦੇਵੇਗਾ, ਉਹ ਵੀ ਸੀਟ ਖ਼ਾਲੀ ਹੋਣ ਦੀ ਸੂਰਤ ‘ਚ। ਇਸ ਤੋਂ ਇਲਾਵਾ ਸਕੂਲਾਂ ਨੂੰ ਜਮਾਤ ਅਨੁਸਾਰ ਦਾਖ਼ਲਾ ਸ਼ਡਿਊਲ ਤਿਆਰ ਕਰ ਕੇ ਨੋਟਿਸ ਬੋਰਡ ’ਤੇ ਲਾਉਣ ਲਈ ਕਿਹਾ ਗਿਆ ਹੈ।

Add a Comment

Your email address will not be published. Required fields are marked *