ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ, ਕਾਂਗਰਸ ਨੇ ਕਿਹਾ- ਲੜਾਂਗੇ

ਨਵੀਂ ਦਿੱਲੀ – ਕੇਰਲ ਦੀ ਵਾਇਨਾਡ ਸੰਸਦੀ ਸੀਟ ਦਾ ਪ੍ਰਤੀਨਿਧੀਤੱਵ ਕਰ ਰਹੇ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ 2019 ਦੇ ਮਾਣਹਾਨੀ ਦੇ ਇਕ ਮਾਮਲੇ ‘ਚ ਸਜ਼ਾ ਸੁਣਾਏ ਜਾਣ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਲਈ ਅਯੋਗ ਠਹਿਰਾਇਆ ਗਿਆ। ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ‘ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਾਂਗਰਸ ਪਾਰਟੀ ਨੇ ਕਿਹਾ ਕਿ ਉਹ ਕਾਨੂੰਨੀ ਅਤੇ ਰਾਜਨੀਤਕ ਲੜਾਈ ਲੜੇਗੀ ਅਤੇ ਬਿਨਾਂ ਚੁੱਪ ਹੋਏ ‘ਅਡਾਨੀ ਮਹਾਘਪਲੇ’ ‘ਤੇ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਗਠਿਤ ਕਰਨ ਦੀ ਮੰਗ ਕਰਦੀ ਰਹੇਗੀ। 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੱਸਿਆ ਕਿ ਅੱਜ ਸ਼ਾਮ 5 ਵਜੇ ਕਾਂਗਰਸ ਹੈੱਡ ਕੁਆਰਟਰ ‘ਚ ਸੀਨੀਅਰ ਨੇਤਾਵਾਂ ਦੀ ਬੈਠਕ ਬੁਲਾਈ ਗਈ ਹੈ, ਜਿਸ ‘ਚ ਇਸ ਲੜਾਈ ਨੂੰ ਅੱਗੇ ਲਿਜਾਉਣ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਭ ਇਸ ਲਈ ਕੀਤਾ ਗਿਆ ਤਾਂ ਕਿ ਰਾਹੁਲ ਗਾਂਧੀ ਸੰਸਦ ‘ਚ ਸਵਾਲ ਨਹੀਂ ਕਰ ਸਕੇ ਪਰ ਰਾਹੁਲ ਅਤੇ ਕਾਂਗਰਸ ਡਰ ਕੇ ਚੁੱਪ ਨਹੀਂ ਰਹਿਣਗੇ।

ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,”ਅਸੀਂ ਇਸ ਲੜਾਈ ਨੂੰ ਕਾਨੂੰਨੀ ਅਤੇ ਰਾਜਨੀਤਕ ਰੂਪ ਨਾਲ ਲੜਾਂਗੇ। ਅਸੀਂ ਧਮਕੀ ਦੇ ਅੱਗੇ ਨਹੀਂ ਝੁਕਾਂਗੇ ਅਤੇ ਖਾਮੋਸ਼ ਨਹੀਂ ਹੋਵਾਂਗੇ। ਪ੍ਰਧਾਨ ਮੰਤਰੀ ਨਾਲ ਜੁੜੇ ਅਡਾਨੀ ਮਹਾਘਪਲੇ ‘ਚ ਜੇਪੀਸੀ ਬਣਾਉਣ ਦੀ ਬਜਾਏ ਰਾਹੁਲ ਗਾਂਧੀ ਨੂੰ ਅਯੋਗ ਠਹਿਰਾ ਦਿੱਤਾ ਗਿਆ। ਭਾਰਤੀ ਲੋਕਤੰਤਰ ਓਮ ਸ਼ਾਂਤੀ।” 

ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਜਿਵੇਂ ਭਾਜਪਾ-ਸੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਮੀਦ ਸੀ ਕਿ ਉਹ ਮੋਦੀ-ਅਡਾਨੀ ਸੰਬੰਧਾਂ ‘ਤੇ ਰਾਹੁਲ ਗਾਂਧੀ ਨੂੰ ਸੰਸਦ ‘ਚ ਬੋਲਣ ਨਹੀਂ ਦੇਣਗੇ, ਉਹੀ ਹੋਇਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਚਾਰ ਸਾਲ ਪੁਰਾਣੇ ਬਿਆਨ ‘ਤੇ ਉਨ੍ਹਾਂ ਦੀ ਸੰਸਦ ਦੀ ਮੈਂਬਰਸ਼ਿਪ ਖ਼ਤਮ ਕਰ ਦਿੱਤੀ। ਲੋਕਤੰਤਰ ਦੇ ਮੰਦਰ ‘ਚ ਨਹੀਂ ਬੋਲਣ ਦੇਵੋਗੇ ਤਾਂ ਜਨਤਾ ਦੀ ਅਦਾਲਤ ‘ਚ ਜਾਵਾਂਗੇ। ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲਨਾਥ ਨੇ ਟਵੀਟ ਕਰ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਕਾਂਗਰਸ ਦੇ ਸਨਮਾਨਤ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਯੋਜਨਾ ਰਚਣ ‘ਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਲੋਕ ਸਭਾ ਮੈਂਬਰਤਾ ਰੱਦ ਕੀਤੀ ਗਈ ਹੈ, ਉਸ ਤੋਂ ਸਪੱਸ਼ਟ ਹੈ ਕਿ ਸਰਕਾ ਰਾਹੁਲ ਗਾਂਧੀ ਤੋਂ ਡਰ ਗਈ ਹੈ।

Add a Comment

Your email address will not be published. Required fields are marked *