ਕੇਰਲ ਵਿਚ ਖੱਡ ‘ਚ ਡਿੱਗੀ ਬੱਸ; ਸਬਰੀਮਾਲਾ ਦੇ 64 ਤੀਰਥਯਾਤਰੀ ਜ਼ਖ਼ਮੀ

ਕੇਰਲ : ਸਬਰੀਮਾਲਾ ਵਿਚ ਦਰਸ਼ਨ ਤੋਂ ਬਾਅਦ ਤਮਿਲਨਾਡੂ ਦੇ ਤੀਰਥਯਾਤਰੀਆਂ ਨੂੰ ਲੈ ਕੇ ਪਰਤ ਰਹੀ ਇਕ ਬੱਸ ਮੰਗਲਵਾਰ ਨੂੰ ਕੇਰਲ ਦੇ ਪਥਨਮਥਿੱਟਾ ਜ਼ਿਲ੍ਹੇ ਵਿਚ ਇਕ ਡੂੰਘੀ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਬੱਸ ਵਿਚ ਸਵਾਰ 64 ਲੋਕ ਜ਼ਖ਼ਮੀ ਹੋ ਗਏ, ਜਿਸ ਵਿਚ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। 

ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਸ਼ਰਧਾਲੂ ਸਬਰੀਮਾਲਾ ਵਿਚ ਭਗਵਾਨ ਅਯੱਪਾ ਮੰਦਰ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ। ਦੁਪਹਿਰ ਤਕਰੀਬਨ 1.30 ਵਜੇ ਨਿਲੱਕਲ ਦੇ ਨੇੜੇ ਏਲਾਵੰਕਲ ਵਿਚ ਜਦੋਂ ਬੱਸ ਖੱਡ ਵਿਚ ਡਿੱਗੀ, ਉਦੋਂ ਉਸ ਵਿਚ 9 ਬੱਚਿਆਂ ਸਮੇਤ ਘੱਟੋ-ਘੱਟ 64 ਲੋਕ ਸਵਾਰ ਸਨ। ਸਾਰੇ ਤੀਰਥਯਾਤਰੀ ਤਮਿਲਨਾਡੂ ਦੇ ਮਾਈਲਾਦੁਰਈ ਜ਼ਿਲ੍ਹੇ ਦੇ ਹਨ। ਪੁਲਸ, ਫਾਇਰ ਬ੍ਰਿਗੇਡ ਤੇ ਬਚਾਅ ਅਧਿਕਾਰੀਆਂ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਹੈ। ਵੱਖ-ਵੱਖ ਵਿਭਾਗਾਂ ਦੇ ਨਾਲ ਬਚਾਅ ਮੁਹਿੰਮ ਕਰਨ ਵਾਲੀ ਸੂਬੇ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਫੇਸਬੁੱਕ ਪੋਸਟ ਵਿਚ ਕਿਹਾ ਕਿ 11 ਤੀਰਥਯਾਤਰੀਆਂ ਨੂੰ ਕੋੱਟਾਯਮ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।

ਪੁਲਸ ਨੇ ਦੱਸਿਆ ਕਿ 48 ਤੀਰਥਯਾਤਰੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਆਂਦਾ ਜਾ ਰਿਹਾ ਹੈ। ਜ਼ਖ਼ਮੀਆਂ ਵਿਚੋਂ ਕੁੱਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਜਾਰਜ, ਕ੍ਰਿਸ਼ੀ ਮੰਤਰੀ ਪੀ. ਪ੍ਰਸਾਦ ਤੇ ਦੇਵਸਵ ਓਮ ਮੰਤਰੀ ਕੇ. ਰਾਧਾ ਕ੍ਰਿਸ਼ਨਣ ਸਮੇਤ ਸੂਬੇ ਦੇ ਮੰਤਰੀਆਂ ਨੇ ਇੱਥੇ ਹਸਪਤਾਲ ਵਿਚ ਜ਼ਖ਼ਮੀ ਤੀਰਥਯਾਤਰੀਆਂ ਨਾਲ ਮੁਲਾਕਾਤ ਕੀਤੀ। ਮੋਟਰ ਵਾਹਨ ਵਿਭਾਗ ਦੇ ਅਧਿਕਾਰੀਆਂ ਦੇ ਮੁੱਢਲੇ ਮੁਲਾਂਕਣ ਦਾ ਹਵਾਲਾ ਦਿੰਦਿਆਂ ਪ੍ਰਸਾਦ ਨੇ ਕਿਹਾ ਕਿ ਬੱਸ ਦੀ ਬ੍ਰੇਕ ਫ਼ੇਲ੍ਹ ਹੋਣ ਕਾਰਨ ਚਾਲਕ ਨੇ ਵਾਹਨ ਤੋਂ ਕਾਬੂ ਗੁਆ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ।

Add a Comment

Your email address will not be published. Required fields are marked *