ਰਾਹੁਲ ਗਾਂਧੀ ਦੀ ਅਯੋਗਤਾ ਤੇ ਅਡਾਨੀ ਮੁੱਦੇ ‘ਤੇ ਸੰਘਰਸ਼ ਤਿੱਖਾ ਕਰੇਗੀ ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਅਡਾਨੀ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ (ਜੇ.ਪੀ.ਸੀ.) ਤੋਂ ਜਾਂਚ ਦੀ ਮੰਗ ‘ਤੇ ਜ਼ੋਰ ਦੇਣ ਦੇ ਨਾਲ ਰਾਹੁਲ ਗਾਂਧੀ ਨੂੰ ਲੋਕ ਸਭਾ ਤੋਂ ਅਯੋਗ ਠਹਿਰਾਏ ਜਾਣ ਦੇ ਵਿਰੋਧ ਵਿਚ ਮੰਡਲ ਤੋਂ ਲੈ ਕੇ ਦੇਸ਼ ਪੱਧਰ ਤਕ ਇਕ ਮਹੀਨੇ ਦੇ ਅੰਦੋਲਨ ਪ੍ਰੋਗਰਾਮਾਂ ਦਾ ਐਲਾਨ ਕੀਤਾ। ਇਨ੍ਹਾਂ ਵਿਚ ਅਪ੍ਰੈਲ ਦੇ ਦੂਜੇ ਹਫ਼ਤੇ ਵਿਚ ਇੱਥੇ ਹੋਣ ਵਾਲਾ ‘ਜੈ ਭਾਰਤ ਮਹਾ ਸੱਤਿਆਗ੍ਰਹਿ’ ਵੀ ਸ਼ਾਮਲ ਹੈ। ਪ੍ਰਦਰਸ਼ਨ ਪ੍ਰੋਗਰਾਮਾਂ ਵਿਚ ਮੰਗਲਵਾਰ ਨੂੰ ਲਾਲ ਕਿਲੇ ਤੋਂ ਸ਼ੁਰੂ ਹੋਇਆ ‘ਲੋਕ ਤੰਤਰ ਬਚਾਓ ਮਸ਼ਾਲ ਸ਼ਾਂਤੀ ਮਾਰਚ’ ਅਤੇ 28-29 ਮਾਰਚ ਨੂੰ ਦੇਸ਼ ਦੇ 35 ਮੁੱਖ ਸ਼ਹਿਰਾਂ ਵਿਚ ਪ੍ਰੈੱਸ ਕਾਨਫਰੰਸ ਦੀ ਇਕ ਲੜੀ ਸ਼ਾਮਲ ਹੈ।

ਇਸ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਦੇ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੁਗੋਪਾਲ ਨੇ ਰਾਹੁਲ ਗਾਂਧੀ ਨਾਲ ਇਕਜੁੱਟਤਾ ਦਿਖਾਈ ਤੇ ਮੋਦੀ-ਅਡਾਨੀ ਗੱਠਜੋੜ ਵੱਲੋਂ ‘ਜਨਤਕ ਤੇ ਕੌਮੀ ਪੈਸੇ ਦੀ ਲੁੱਟ’ ਦੇ ਖ਼ਿਲਾਫ਼ ਉਨ੍ਹਾਂ ਦੀ ਲੜਾਈ ਦਾ ਸਮਰਥਨ ਕੀਤਾ। ਵੇਣੁਗੋਪਾਲ ਨੇ ਕਿਹਾ ਕਿ 24 ਮਾਰਚ ਨੂੰ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ, ਕਾਂਗਰਸ ਵਿਧਾਇਕ ਦਲ ਦੇ ਆਗੂਆਂ, ਪਾਰਟੀ ਦੇ ਸੰਗਠਨਾਂ ਤੇ ਵਿਭਾਗਾਂ ਦੇ ਕੌਮੀ ਮੁਖੀਆਂ ਦੇ ਨਾਲ ਮੀਟਿੰਗ ਵਿਚ ਪਾਰਟੀ ਨੇ ਫ਼ੈਸਲਾ ਲਿਆ ਹੈ ਕਿ ਇਕ ਮਹੀਨੇ ਦੌਰਾਨ ਅੰਦੋਲਨਕਾਰੀ ਪ੍ਰੋਗਰਾਮਾਂ ਦੀ ਇਕ ਲੜੀ ਚਲਾਈ ਜਾਵੇਗੀ। 

ਕੇ.ਸੀ. ਵੇਣੁਗੋਪਾਲ ਨੇ ਕਿਹਾ ਕਿ ਸਮੂਹ ਬਲਾਕ ਤੇ ਮੰਡਲ ਕਾਂਗਰਸ ਇਕਾਈਆਂ ਵੱਲੋਂ ‘ਜੈ ਭਾਰਤ ਸੱਤਿਆਗ੍ਰਹਿ’ ਦੇ ਬੈਨਰ ਹੇਠ ‘ਨੁੱਕੜ ਸਭਾਵਾਂ’ ਕਰਵਾਈਆਂ ਜਾਣਗੀਆਂ। 31 ਮਾਰਚ ਨੂੰ ਸੂਬਾ ਪੱਧਰ ਦੇ ਆਗੂਆਂ ਵੱਲੋਂ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ, 1 ਅਪ੍ਰੈਲ ਨੂੰ ਸਾਰੇ ਮੰਡਲਾਂ ਵਿਚ ਜ਼ਿਲ੍ਹਾ ਪੱਧਰ ‘ਤੇ ਆਗੂਆਂ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। 3 ਅਪ੍ਰੈਲ ਨੂੰ ਸੂਬਿਆਂ ਦੀਆਂ ਰਾਜਧਾਨੀਆਂ ਵਿਚ ਬਾਬਾ ਸਾਹਿਬ ਬੀ.ਆਰ. ਅੰਬੇਡਕਟਰ ਜਾਂ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਮੂਹਰੇ ਐੱਸ.ਸੀ./ਐੱਸ.ਟੀ./ਓ.ਬੀ.ਸੀ./ਘੱਟ ਗਿਣਤੀਆਂ ਵਿਭਾਗਾਂ ਵੱਲੋਂ ਵਿਰੋਧ ਪ੍ਰਦਰਸ਼ਨ ਹੋਵੇਗਾ। 3 ਅਪ੍ਰੈਲ ਤੋਂ ਭਾਰਤੀ ਯੁਵਾ ਕਾਂਗਰਸ ਤੇ ਪਾਰਟੀ ਦੀ ਵਿਦਿਆਰਥਣ ਸ਼ਾਖਾ ਐੱਨ.ਐੱਸ.ਯੂ.ਆਈ. ਦੇ ਨਾਲ-ਨਾਲ ਹੋਰ ਮੋਰਚਿਆਂ ਤੇ ਵਿਭਾਗਾਂ ਵੱਲੋਂ ਪੋਸਟਕਾਰਡ ਮੁਹਿੰਮ ਚਲਾਈ ਜਾਵੇਗੀ, ਜਿਸ ਤਹਿਤ ਮੁੱਦਿਆਂ ‘ਤੇ ਸਵਾਲ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੋਸਟਕਾਰਡ ਭੇਜੇ ਜਾਣਗੇ।

ਆਲ ਇੰਡੀਆ ਮਹਿਲਾ ਕਾਂਗਰਸ ਵੱਲੋਂ ਵੀ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਵੇਣੁਗੋਪਾਲ ਨੇ ਕਿਹਾ ਕਿ 15 ਤੋਂ 20 ਅਪ੍ਰੈਲ ਤਕ ਜ਼ਿਲ੍ਹਾ ਪੱਧਰ ‘ਤੇ ਜੈ ਭਾਰਤ ਸੱਤਿਆਗ੍ਰਹਿ ਕਰਵਾਇਆ ਜਾਵੇਗਾ, ਜਿਸ ਤਹਿਤ ਜ਼ਿਲ੍ਹਾ ਕੁਲੈਕਟੋਰੇਟ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਹੋਰਨਾਂ ਪਾਰਟੀਆਂ ਤੇ ਜਨਤਾ ਨੂੰ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਦੇਣਗੇ।

Add a Comment

Your email address will not be published. Required fields are marked *