ਹਥੌੜੇ ਨਾਲ ਹਮਲਾ ਕਰਨ ਵਾਲਾ ਮਸ਼ਕੂਕ ਸਪੀਕਰ ਪੈਲੋਸੀ ਦੇ ਗੋਡੇ ਤੋੜਨਾ ਚਾਹੁੰਦਾ ਸੀ: ਪੁਲੀਸ

ਸਾਨ ਫਰਾਂਸਿਸਕੋ, 1 ਨਵੰਬਰ-: ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਦੇ ਪਤੀ ’ਤੇ ਹਥੌੜੇ ਨਾਲ ਹਮਲਾ ਕਰਨ ਵਾਲੇ ਮਸ਼ਕੂਕ ਨੇ ਪੁਲੀਸ ਨੂੰ ਦੱਸਿਆ ਹੈ ਕਿ ਉਹ ਡੈਮੋਕਰੈਟਿਕ ਪਾਰਟੀ ਦੀ ਆਗੂ (ਪੈਲੋਸੀ) ਨੂੰ ਬੰਦੀ ਬਣਾਉਣਾ ਤੇ ‘ਉਸ ਦੇ ਗੋਡੇ ਦੀਆਂ ਚੱਪਣੀਆਂ’ ਤੋੜਨਾ ਚਾਹੁੰਦਾ ਸੀ ਕਿ ਤਾਂ ਕਿ ਸਦਨ ਦੇ ਹੋਰਨਾਂ ਮੈਂਬਰਾਂ ਨੂੰ ਵਿਖਾ ਸਕੇ ਕਿ ਕਈ ਵਾਰ ‘ਆਪਣੀ ਕੀਤੀ ਦੇ ਵੀ ਸਿੱਟੇ ਭੁਗਤਣੇ’ ਪੈਂਦੇ ਹਨ।

ਅਧਿਕਾਰੀਆਂ ਨੇ ਕਿਹਾ ਕਿ ਹਮਲੇ ਲਈ ਕਾਬੂ ਕੀਤੇ ਡੇਵਿਡ ਡੀਪਾਪੇ (42) ਕੋਲ ਜ਼ਿਪ ਟਾਈਜ਼, ਟੇਪ ਤੇ ਮੋਢੇ ’ਤੇ ਟੰਗੇ ਬੈਗ ਵਿੱਚ ਰੱਸੀ ਸੀ। ਉਹ ਪੈਲੋਸੀ ਜੋੜੇ ਦੇ ਸਾਂ ਫਰਾਂਸਿਸਕੋ ਸਥਿਤ ਘਰ ਵਿੱੱਚ ਸ਼ੁੱਕਰਵਾਰ ਵੱਡੇ ਤੜਕੇ ਦਾਖਲ ਹੋਇਆ। ਉਹ ਪੌੜੀਆਂ ਚੜ੍ਹ ਕੇ ਉਪਰਲੀ ਮੰਜ਼ਿਲ ’ਤੇ ਗਿਆ, ਜਿੱਥੇ 82 ਸਾਲਾ ਪੌਲ ਪੈਲੋਸੀ ਸੁੱਤਾ ਪਿਆ ਸੀ। ਡੀਪਾਪੇ ਨੇ ‘ਨੈਨਸੀ’ ਨਾਲ ਗੱਲ ਕਰਨ ਦੀ ਮੰਗ ਕੀਤੀ। ਸਾਂ ਫਰਾਂਸਿਸਕੋ  ਦੇ ਜ਼ਿਲ੍ਹਾ ਅਟਾਰਨੀ ਬਰੁਕ ਜੈਨਕਿਨਜ਼ ਨੇ ਸੋਮਵਾਰ ਸ਼ਾਮ ਨੂੰ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ‘ਹਮਲਾਵਰ ਦਾ ਨਿਸ਼ਾਨਾ ਇਹ ਘਰ ਤੇ ਖਾਸ ਤੌਰ ’ਤੇ ਸਪੀਕਰ ਸੀ।’ ਪੁਲੀਸ ਅਧਿਕਾਰੀ ਨੇ ਕਿਹਾ ਕਿ ਡੀਪਾਪੇ ਖਿਲਾਫ਼ ਇਰਾਦਾ ਕਤਲ ਸਣੇ ਹੋਰ ਧਾਰਾਵਾਂ ਲਾਈਆਂ ਗਈਆਂ ਹਨ। ਜੈਨਕਿਨਜ਼ ਨੇ ਕਿਹਾ, ‘ਇਹ ਘਟਨਾ ਸਿਆਸਤ ਤੋਂ ਪ੍ਰੇਰਿਤ ਸੀ।’’ ਤਫ਼ਤੀਸ਼ਕਾਰਾਂ ਦਾ ਮੰਨਣਾ ਹੈ ਕਿ ਹਮਲਾਵਰ ਨੇ ਪੈਲੋਸੀ ਨੂੰ ਨਿਸ਼ਾਨਾ ਬਣਾਉਣ ਲਈ ਅਗਾਊਂ ਤਿਆਰੀ ਕੀਤੀ ਸੀ। ਕਾਬਿਲੇਗੌਰ ਹੈ ਕਿ ਡੀਪਾਪੇ ਵੱਲੋਂ ਕੀਤੇ ਹਮਲੇ ਵਿੱਚ ਪੈਲੋਸੀ ਦੇ ਪਤੀ ਦੀ ਖੋਪੜੀ ’ਤੇ ਫਰੈੱਕਚਰ ਸਣੇ ਹੋਰ ਸੱਟਾਂ ਲੱਗੀਆਂ ਸਨ। ਸਪੀਕਰ ਪੈਲੋਸੀ ਨੇ ਹਜ਼ਾਰਾਂ ਲੋਕਾਂ ਵੱਲੋਂ ਛੇਤੀ ਸਿਹਤਯਾਬੀ ਤੇ ਪ੍ਰਾਰਥਨਾਵਾਂ ਦੇ ਮਿਲੇ ਸੁਨੇਹਿਆਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। 

Add a Comment

Your email address will not be published. Required fields are marked *