ਅੰਮ੍ਰਿਤਪਾਲ ਸਿੰਘ ਦੇ ਨੇਪਾਲ ’ਚ ਛੁਪੇ ਹੋਣ ਦਾ ਸ਼ੱਕ

ਕਾਠਮੰਡੂ, 27 ਮਾਰਚ-: ਭਾਰਤ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਨੇਪਾਲ ’ਚ ਛੁਪੇ ਹੋਣ ਦਾ ਖ਼ਦਸ਼ਾ ਜਤਾਇਆ ਹੈ। ਨੇਪਾਲ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਤੀਜੇ ਮੁਲਕ ’ਚ ਭੱਜਣ ਤੋਂ ਰੋਕਣ ਦੇ ਉਪਰਾਲੇ ਕਰੇ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਨੇਪਾਲ ਨੂੰ ਕਿਹਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਭਾਰਤੀ ਪਾਸਪੋਰਟ ਜਾਂ ਹੋਰ ਕੋਈ ਫ਼ਰਜ਼ੀ ਪਾਸਪੋਰਟ ’ਤੇ ਮੁਲਕ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ‘ਕਾਠਮੰਡੂ ਪੋਸਟ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਕੌਂਸੁਲਰ ਸੇਵਾਵਾਂ ਵਿਭਾਗ ਨੂੰ ਸ਼ਨਿਚਰਵਾਰ ਨੂੰ ਭੇਜੇ ਪੱਤਰ ’ਚ ਕਾਠਮੰਡੂ ’ਚ ਭਾਰਤੀ ਸਫ਼ਾਰਤਖਾਨੇ ਨੇ ਸਰਕਾਰੀ ਏਜੰਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੇਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਪੱਤਰ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਨੇਪਾਲ ’ਚ ਛੁਪਿਆ ਹੋਇਆ ਹੈ। ਵੱਖ ਵੱਖ ਸੂਤਰਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਹੈ ਕਿ ਪੱਤਰ ਅਤੇ ਅੰਮ੍ਰਿਤਪਾਲ ਸਿੰਘ ਦੇ ਵੇਰਵੇ ਹੋਟਲਾਂ ਤੋਂ ਲੈ ਕੇ ਏਅਰਲਾਈਨਜ਼ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਭੇਜ ਦਿੱਤੇ ਗਏ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੇਪਾਲ-ਭਾਰਤ ਸਰਹੱਦੀ ਇਲਾਕਿਆਂ ’ਚ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਕ ਅਖ਼ਬਾਰ ਨੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਸੁਰੱਖਿਆ ਅਧਿਕਾਰੀਆਂ ਦੀ ਬੇਨਤੀ ’ਤੇ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਨੇਪਾਲ-ਭਾਰਤ ਸਰਹੱਦੀ ਇਲਾਕੇ ’ਚ ਦੋ ਦਿਨਾਂ ਲਈ ਹਾਈ ਅਲਰਟ ਰੱਖਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ .ਕਿ ਸਰਹੱਦੀ ਇਲਾਕੇ ’ਚ ਪੁਲੀਸ ਸਾਦੀ ਵਰਦੀ ’ਚ ਚੌਕਸੀ ਰੱਖ ਰਹੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਪੱਛਮੀ ਨੇਪਾਲ ’ਚ ਕਪਿਲਵਸਤੂ ਰਸਤਿਉਂ ਦੇਸ਼ ਅੰਦਰ ਦਾਖ਼ਲ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਕੋਲ ਵੱਖ ਵੱਖ ਭੇਸ ਵਾਲੇ ਕਈ ਪਾਸਪੋਰਟ ਹਨ ਅਤੇ ਉਹ 18 ਮਾਰਚ ਤੋਂ ਪੰਜਾਬ ’ਚੋਂ ਫਰਾਰ ਹੈ।

Add a Comment

Your email address will not be published. Required fields are marked *