ਵਿਆਹ ‘ਤੇ ਸ਼ਗਨ ਪਾਉਣ ਲਈ ਪੈਲੇਸ ਗਏ ਵਿਅਕਤੀਆਂ ‘ਤੇ ਚੱਲੀਆਂ ਗੋਲ਼ੀਆਂ

ਜਲਾਲਾਬਾਦ – 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵਾਰ-ਵਾਰ ਅਸਲਾਧਾਰਕਾਂ ਨੂੰ ਅਪੀਲਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਆਪਣਾ ਅਸਲਾ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ। ਇਸੇ ਤਰ੍ਹਾਂ ਥਾਣਾ ਵੈਰੋਕਾ ਅਧੀਨ ਪੈਂਦੇ ਪਿੰਡ ਲੱਧੂ ਵਾਲਾ ਉਤਾੜ ਦੇ ਇਕ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਦੋ ਧਿਰਾਂ ’ਚ ਮਾਮੂਲੀ ਤਕਰਾਰ ਹੋਣ ਤੋਂ ਬਾਅਦ ਬੀਤੇ ਦਿਨ ਲਗਭਗ ਸਾਢੇ 4 ਵਜੇ ਉਸ ਸਮੇਂ ਇਕ ਵਿਆਹ ਸਮਾਗਮ ਦੌਰਾਨ ਸਨਸਨੀ ਫੈਲ ਗਈ ਜਦੋਂ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੋਲੀਆਂ ਚੱਲਣ ਨਾਲ ਦੋ ਵਿਅਕਤੀਆਂ ਦੇ ਫੱਟੜ ਹੋ ਗਏ।

ਖੂਨੀ ਵਿਵਾਦ ’ਚ ਜ਼ਖਮੀ ਹੋਏ ਗੁਰਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਪਿੰਡ ਪੱਕਾ ਕਾਲੇ ਵਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਇਕ ਕੁੜੀ ਦਾ ਲੱਧੂ ਵਾਲਾ ਉਤਾੜ ਦੇ ਇਕ ਪੈਲੇਸ ’ਚ ਵਿਆਹ ਹੋ ਰਿਹਾ ਸੀ ਤਾਂ ਉਹ ਕੁੜੀ ਨੂੰ ਸ਼ਗਨ ਦੇਣ ਲਈ ਪੈਲੇਸ ਪੁੱਜੇ ਤਾਂ ਉੱਥੇ ਉਨ੍ਹਾਂ ਦੇ ਪਿੰਡ ਦਾ ਇਕ ਵਿਅਕਤੀ ਮੌਜੂਦ ਸੀ, ਜਿਸ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇਸ ਤੋਂ ਬਾਅਦ ਜਦੋਂ ਉਹ ਆਪਣੇ ਕਰੀਬੀ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੱਕਾ ਕਾਲੇ ਵਾਲਾ ਨਾਲ ਪੈਲੇਸ ਦੇ ਬਾਹਰ ਆ ਰਿਹਾ ਸੀ ਤਾਂ ਹਥਿਆਰਬੰਦ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਸਿੱਧੀਆ ਗੋਲੀਆਂ ਚਲਾ ਦਿੱਤੀਆਂ ਅਤੇ ਉਹ ਮੌਕੇ ’ਤੇ ਗੰਭੀਰ ਰੂਪ ’ਚ ਫੱਟੜ ਹੋ ਗਏ।

ਘਟਨਾ ’ਚ ਜ਼ਖਮੀ ਹੋਏ ਦੋਵਾਂ ਵਿਅਕਤੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਗੋਲੀਆਂ ਚਲਾਉਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਘਟਨਾ ’ਚ ਜ਼ਖਮੀ ਹੋਏ ਦੋਵਾਂ ਵਿਅਕਤੀਆਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਵੱਲੋਂ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਥਾਣਾ ਵੈਰੋਕਾ ਦੇ ਐੱਸ.ਐੱਚ.ਓ. ਵੱਲੋਂ ਪਿੰਡ ਲੱਧੂਵਾਲਾ ਉਤਾੜ ਦੇ ਪੈਲੇਸ ਬਾਹਰ ਹੋਈ ਫਾਇਰਿੰਗ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ ਦੀ ਵਧੇਰੇ ਜਾਣਕਾਰੀ ਲੈਣ ਲਈ ਸਬੰਧਤ ਥਾਣਾ ਵੈਰੋਕਾ ਐੱਸ.ਐੱਚ.ਓ. ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਪਿੰਡ ਲੱਧੂਵਾਲਾ ਉਤਾੜ ਦੇ ਪੈਲੇਸ ਬਾਹਰ ਚੱਲੀਆਂ ਗੋਲੀਆਂ ਦੇ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਹਸਪਤਾਲ ’ਚ ਬਿਜ਼ੀ ਹਨ ਤੇ ਮਾਮਲੇ ਦੀ ਹੋਰ ਜਾਣਕਾਰੀ ਇਕੱਠੀ ਕਰ ਰਹੇ ਹਨ।

Add a Comment

Your email address will not be published. Required fields are marked *