ਖਾਲਿਸਤਾਨ ਪੱਖੀਆਂ ਵੱਲੋਂ ਟਾਈਮਜ਼ ਸਕੁਏਅਰ ’ਤੇ ਪ੍ਰਦਰਸ਼ਨ

ਨਿਊਯਾਰਕ, 27 ਮਾਰਚ-: ਵੱਡੀ ਗਿਣਤੀ ਵਿਚ ਇਕੱਠੇ ਹੋਏ ਖਾਲਿਸਤਾਨ ਪੱਖੀਆਂ ਨੇ ਅੱਜ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕੁਏਅਰ ’ਤੇ ਰੋਸ ਮੁਜ਼ਾਹਰਾ ਕੀਤਾ ਤੇ ਭਗੌੜੇ ਹੋਏ ਅੰਮ੍ਰਿਤਪਾਲ ਸਿੰਘ ਨਾਲ ਸਮਰਥਨ ਜ਼ਾਹਿਰ ਕੀਤਾ। ਮੁਜ਼ਾਹਰਾਕਾਰੀਆਂ ਨੇ ਰਿਚਮੰਡ ਹਿੱਲ ਦੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਤੋਂ ਕਾਰ ਰੈਲੀ ਕੱਢੀ ਜੋ ਕਿ ਮੈਨਹੱਟਨ ਸ਼ਹਿਰ ਦੇ ਕੇਂਦਰ ’ਚ ਸਥਿਤ ਟਾਈਮਜ਼ ਸਕੁਏਅਰ ਉਤੇ ਆ ਕੇ ਮੁੱਕੀ। ਇਸ ਮੌਕੇ ਸਖ਼ਤ ਸੁਰੱਖਿਆ ਬੰਦੋਬਸਤ ਕੀਤੇ ਗਏ ਸਨ। ਵੇਰਵਿਆਂ ਮੁਤਾਬਕ ਕਾਰਾਂ ਦਾ ਇਕ ਵੱਡਾ ਕਾਫ਼ਲਾ ਉੱਚੇ ਸੰਗੀਤ ਤੇ ਹਾਰਨਾਂ ਨਾਲ ਸਕੁਏਅਰ ’ਤੇ ਪਹੁੰਚਿਆ। ਟਰੱਕਾਂ ਉਤੇ ਐਲਈਡੀ ਮੋਬਾਈਲ ਬਿਲਬੋਰਡ ਲਾਏ ਗਏ ਸਨ ਜਿਨ੍ਹਾਂ ’ਤੇ ਅੰਮ੍ਰਿਤਪਾਲ ਦੀ ਤਸਵੀਰ ਚਲਾਈ ਜਾ ਰਹੀ ਸੀ। ਇਸ ਮੌਕੇ ਨਿਊਯਾਰਕ ਦੀ ਇਸ ਮਸ਼ਹੂਰ ਸੈਰਗਾਹ ਉਤੇ ਵੱਡੀ ਗਿਣਤੀ ਵਿਚ ਪੁਰਸ਼, ਔਰਤਾਂ ਤੇ ਬੱਚੇ ਇਕੱਠੇ ਹੋਏ ਸਨ। ਉਨ੍ਹਾਂ ਕੋਲ ਖਾਲਿਸਤਾਨ ਦੇ ਝੰਡੇ ਸਨ ਤੇ ਉਹ ਰੈਲੀ ਵਿਚ ਨਾਅਰੇਬਾਜ਼ੀ ਕਰ ਰਹੇ ਸਨ। ਕਾਰਾਂ ਸ਼ਹਿਰ ਦੀਆਂ ਕਈ ਗਲੀਆਂ ਵਿਚ ਘੁੰਮ ਕੇ ਟਾਈਮਜ਼ ਸਕੁਏਅਰ ਪਹੁੰਚੀਆਂ। ਮੁਜ਼ਾਹਰਾਕਾਰੀਆਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ‘ਫਰੀ ਅੰਮ੍ਰਿਤਪਾਲ’ ਲਿਖਿਆ ਹੋਇਆ ਸੀ। ਉਨ੍ਹਾਂ ਭਾਰਤ ਵਿਰੋਧੀ ਨਾਅਰੇ ਵੀ ਲਾਏ ਗਏ। ਟਾਈਮਜ਼ ਸਕੁਏਅਰ ਦੇ ਇਕ ਬਿਲਬੋਰਡ ਉਤੇ ਇਸ ਮੌਕੇ ਅੰਮ੍ਰਿਤਪਾਲ ਦੀ ਤਸਵੀਰ ਵੀ ਚਲਾਈ ਗਈ। ਨਿਊ ਯਾਰਕ ਪੁਲੀਸ ਵਿਭਾਗ (ਐੱਨਵਾਈਪੀਡੀ) ਵੱਲੋਂ ਇਸ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਪੁਲੀਸ ਦੀਆਂ ਕਈ ਵੈਨਾਂ ਤੇ ਕਾਰਾਂ ਮੌਕੇ ਉਤੇ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਸ਼ਿੰਗਟਨ ਤੇ ਸਾਂ ਫਰਾਂਸਿਸਕੋ ਵਿਚ ਵੀ ਰੋਸ ਮੁਜ਼ਾਹਰੇ ਹੋ ਚੁੱਕੇ ਹਨ। ਲੰਡਨ ਤੇ ਸਾਂ ਫਰਾਂਸਿਸਕੋ ਵਿਚ ਭਾਰਤੀ ਦੂਤਾਵਾਸ ਦੀਆਂ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਸੀ। ਭਾਰਤ ਨੇ ਇਨ੍ਹਾਂ ਘਟਨਾਵਾਂ ’ਤੇ ਸਖ਼ਤ ਰੋਸ ਦਰਜ ਕਰਾਇਆ ਸੀ ਤੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਮੰਗੀ ਸੀ।

Add a Comment

Your email address will not be published. Required fields are marked *