ਕਾਰ ਸਵਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ

ਪਾਤੜਾਂ –ਇਥੋਂ ਥੋੜ੍ਹੀ ਦੂਰ ਜਾਖਲ ਰੋਡ ’ਤੇ ਪਿੰਡ ਖਾਨੇਵਾਲ ਦੇ ਬੱਸ ਸਟੈਂਡ ’ਤੇ ਅੱਧੀ ਦਰਜਨ ਕਾਰ ਸਵਾਰ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਅੰਗੂਠਾ ਵੱਢ ਦਿੱਤਾ। ਉਸ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜੋ ਪੀ. ਜੀ. ਆਈ. ਚੰਡੀਗਡ਼੍ਹ ਵਿਖੇ ਇਲਾਜ ਅਧੀਨ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਪੁੱਤਰ ਕਰਮਾ ਗਿਰ ਵਾਸੀ ਕੱਲਰਭੈਣੀ ਆਪਣੇ ਦੋਸਤ ਸਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਸ ਸਟੈਂਡ ਖਾਨੇਵਾਲ ਵੱਲ ਜਾ ਰਿਹਾ ਸੀ, ਜਿਸ ਦੇ ਮੋਟਰਸਾਈਕਲ ਮੂਹਰੇ ਬਿਨਾਂ ਨੰਬਰੀ ਵਰਨਾ ਕਾਰ ਲਗਾ ਕੇ 6 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਨੌਜਵਾਨ ਦੇ ਸੱਜੇ ਹੱਥ ਦਾ ਅੰਗੂਠਾ ਵੱਢ ਹੋ ਗਿਆ।

ਨੌਜਵਾਨ ਨੂੰ ਜ਼ਖ਼ਮੀ ਕਰ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਸ ਵੱਲੋਂ ਅਮਨਦੀਪ ਸਿੰਘ ਪੁੱਤਰ ਰਾਮਤੇਜ ਸਿੰਘ ਵਾਸੀ ਕੱਲਰਭੈਣੀ, ਪ੍ਰੇਮ ਸਿੰਘ ਪੁੱਤਰ ਦੇਸਰਾਜ ਵਾਸੀ ਦਿਓਗੜ੍ਹ, ਅੰਗਰੇਜ਼ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਰਿਆਉ ਖੁਰਦ ਥਾਣਾ ਪਾਤੜਾਂ ਅਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਦੇ ਪਿਤਾ ਕਰਮਾਗਿਰ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਮੇਰੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਸ ਦੋਸ਼ੀਆਂ ਖਿਲਾਫ਼ ਸਖ਼ਤ ਧਾਰਾਵਾਂ ਲਗਾਵੇ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ।

Add a Comment

Your email address will not be published. Required fields are marked *