ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ‘ਤੇ ਦਿੱਲੀ ਪੁਲਸ ਦੀ ਵੱਡੀ ਕਾਰਵਾਈ

ਨਵੀਂ ਦਿੱਲੀ- ਦਿੱਲੀ ਪੁਲਸ ਨੇ 19 ਮਾਰਚ ਨੂੰ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨ ਦੇ ਸਿਲਸਿਲੇ ‘ਚ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਵਿਸ਼ੇਸ਼ ਸੈੱਲ ਵਲੋਂ ਭਾਰਤੀ ਦੰਡਵਾਲੀ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਦੇ ਰੋਕਥਾਮ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ, ਕਿਉਂਕਿ ਇਨ੍ਹਾਂ ਗੈਰ-ਕਾਨੂੰਨੀ ਕੰਮਾਂ ਨੂੰ ਵਿਦੇਸ਼ ‘ਚ ਭਾਰਤੀ ਨਾਗਰਿਕਾਂ ਨੇ ਅੰਜਾਮ ਦਿੱਤਾ। ਭਾਰਤੀ ਹਾਈ ਕਮਿਸ਼ਨ ‘ਚ 19 ਮਾਰਚ ਨੂੰ ਹੋਈ ਘਟਨਾ ‘ਤੇ ਵਿਦੇਸ਼ ਮੰਤਰਾਲਾ ਵਲੋਂ ਇਕ ਰਿਪੋਰਟ ਮਿਲਣ ‘ਤੇ ਗ੍ਰਹਿ ਮੰਤਰਾਲਾ ਨੇ ਦਿੱਲੀ ਪੁਲਸ ਨੂੰ ਉੱਚਿਤ ਕਾਨੂੰਨੀ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ।

ਦੱਸਣਯੋਗ ਹੈ ਕਿ ਖਾਲਿਸਤਾਨੀ ਝੰਡੇ ਲਹਿਰਾਉਂਦੇ ਅਤੇ ਖਾਲਿਸਤਾਨ ਦੇ ਸਮਰਥਨ ‘ਚ ਨਾਅਰੇ ਲਗਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਦੇ ਇਕ ਸਮੂਹ ਨੇ ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਦੇ ਉੱਪਰ ਲਹਿਰਾਏ ਗਏ ਤਿਰੰਗੇ ਨੂੰ ਐਤਵਾਰ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤ ਨੇ ਪਿਛਲੇ ਐਤਵਾਰ ਰਾਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਤਲੱਬ ਕੀਤਾ ਅਤੇ ਪੂਰੀ ਤਰ੍ਹਾਂ ਨਾਲ ਸੁਰੱਖਿਆ ਦੀ ਕਮੀ ‘ਤੇ ਸਪੱਸ਼ਟੀਕਰਨ ਮੰਗਿਆ। ਵਿਦੇਸ਼ ਮੰਤਰਾਲਾ ਨੇ ਸਖ਼ਤ ਸ਼ਬਦਾਂ ‘ਚ ਬਿਆਨ ਦਿੰਦੇ ਹੋਏ ਕਿਹਾ ਕਿ ਬ੍ਰਿਟੇਨ ‘ਚ ਭਾਰਤੀ ਡਿਪਲੋਮੈਟ ਕੰਪਲੈਕਸਾਂ ਅਤੇ ਕਰਮੀਆਂ ਦੀ ਸੁਰੱਖਿਆ ਦੇ ਪ੍ਰਤੀ ਯੂਕੇ ਸਰਕਾਰ ਦੀ ਉਦਾਸੀਨਤਾ ਭਾਰਤ ਨੂੰ ਅਸਵੀਕਾਰਨਯੋਗ ਲੱਗਦੀ ਹੈ। ਸੀਨੀਅਰ  ਬ੍ਰਿਟਿਸ਼ ਅਧਿਕਾਰੀਆਂ ਨੇ ਕਿਹਾ ਹੈ ਕਿ ਬ੍ਰਿਟੇਨ ਸਰਕਾਰ ਇੱਥੇ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਉਨ੍ਹਾਂ ਨੂੰ ਮਿਸ਼ਨ ‘ਚ ਭੰਨ-ਤੋੜ ਨੂੰ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਨਾਲ ਅਸਵੀਕਾਰਯੋਗ ਦੱਸਿਆ। 

Add a Comment

Your email address will not be published. Required fields are marked *