PM ਮੋਦੀ ਨੇ ਕੋਵਿਡ ਤੇ ਇਨਫਲੂਐਂਜ਼ਾ ਫਲੂ ਬਾਰੇ ਕੀਤੀ ਉੱਚ ਪੱਧਰੀ ਮੀਟਿੰਗ, ਸੂਬਿਆਂ ਨੂੰ ਦਿੱਤੀਆਂ ਇਹ ਹਦਾਇਤਾਂ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਦੇਸ਼ ਵਿਚ ਕੋਵਿਡ , ਇਨਫਲੂਐਂਜ਼ਾ-ਫਲੂ ਅਤੇ ਜਨਤਕ ਸਿਹਤ ਸਬੰਧੀ ਤਿਆਰੀਆਂ ਦਾ ਇਕ ਉੱਚ-ਪੱਧਰੀ ਬੈਠਕ ’ਚ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਦਫ਼ਤਰ ਵਿਖੇ ਹੋਈ ਇਸ ਮੀਟਿੰਗ ਵਿੱਚ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ ਅਤੇ ਰਾਜੇਸ਼ ਭੂਸ਼ਣ, ਸਕੱਤਰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਵੀ ਹਿੱਸਾ ਲਿਆ। ਮੀਟਿੰਗ ਵਿਚ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਵਿਚ ਦੇਸ਼ ’ਚ ਕੋਵਿਡ ਦੀ ਸਥਿਤੀ ਬਾਰੇ ਪੇਸ਼ਕਾਰੀ ਦਿੱਤੀ ਗਈ। ਨਾਲ ਹੀ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਵਿਡ ਇਨਫੈਕਸ਼ਨ ਦੇ 1000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਪੀੜ੍ਹਤ ਲੋਕਾਂ ਦੀ ਕੁੱਲ ਗਿਣਤੀ 7026 ਹੋ ਗਈ ਹੈ। ਇਸੇ ਸਮੇਂ ’ਚ 1,03,831 ਕੋਵਿਡ ਟੈਸਟ ਵੀ ਕੀਤੇ ਗਏ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਬੁੱਧਵਾਰ ਕਿਹਾ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੀ ਇਨਫੈਕਸ਼ਨ ਦੀ ਦਰ 1.09 ਪ੍ਰਤੀਸ਼ਤ ਦਰਜ ਕੀਤੀ ਗਈ ਹੈ।

ਕੇਰਲ ’ਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸਥਿਤੀ ਹੋਰ ਖ਼ਰਾਬ ਹੋਣ ਦਾ ਖਦਸ਼ਾ ਹੈ। ਸੂਬਾ ਸਰਕਾਰ ਨੇ ਬੁੱਧਵਾਰ ਸਾਰੇ ਜ਼ਿਲ੍ਹਿਆਂ ਵਿਚ ਅਲਰਟ ਜਾਰੀ ਕਰ ਦਿੱਤਾ। ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਮੰਗਲਵਾਰ ਨੂੰ 172 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਤਿਰੂਵਨੰਤਪੁਰਮ ਅਤੇ ਏਰਨਾਕੁਲਮ ਜ਼ਿਲ੍ਹਿਆਂ ’ਚ ਵਾਇਰਸ ਦੇ ਜ਼ਿਆਦਾ ਮਾਮਲੇ ਹਨ।

ਇਸ ਤੋਂ ਪਹਿਲਾਂ 16 ਮਾਰਚ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਸੂਬਿਆਂ ਨੂੰ ਚਿੱਠੀ ਲਿਖੀ ਸੀ। ਮੰਤਰਾਲਾ ਨੇ ਮਹਾਰਾਸ਼ਟਰ, ਗੁਜਰਾਤ, ਤੇਲੰਗਾਨਾ, ਤਾਮਿਲਨਾਡੂ, ਕੇਰਲ ਅਤੇ ਕਰਨਾਟਕ ਨੂੰ ਕੋਰੋਨਾ ਪ੍ਰਤੀ ਚੌਕਸ ਰਹਿਣ ਲਈ ਕਿਹਾ ਸੀ। ਮੰਤਰਾਲਾ ਨੇ ਕੋਰੋਨਾ ਨਾਲ ਲੜਨ ਲਈ ਟੈਸਟਿੰਗ, ਟ੍ਰੈਕ, ਇਲਾਜ, ਟੀਕਾਕਰਨ ਅਤੇ ਉਚਿਤ ਵਿਵਹਾਰ ਦੀ ਰਣਨੀਤੀ ਦਾ ਪਾਲਣ ਕਰਨ ਲਈ ਕਿਹਾ ਸੀ।

Add a Comment

Your email address will not be published. Required fields are marked *