ਪੁਲੀਸ ਦੀ ਕਾਰਵਾਈ ਮੈਨੂੰ ਡਰਾ ਨਹੀਂ ਸਕਦੀ: ਰਾਹੁਲ ਗਾਂਧੀ

ਬੇਲਗਾਵੀ, 20 ਮਾਰਚ-: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਉਹ ਉਨ੍ਹਾਂ ਉਪਰ ਲਗਾਤਾਰ ਹੋ ਰਹੇ ਸਿਆਸੀ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਖ਼ਿਲਾਫ਼ ਦਰਜ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਪੁਲੀਸ ਭੇਜੀ ਜਾ ਚੁੱਕੀ ਹੈ ਪਰ ਉਹ ਹਮੇਸ਼ਾ ਸੱਚ ਨਾਲ ਖੜ੍ਹੇ ਰਹਿਣਗੇ। ਰਾਹੁਲ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਲੰਘੇ ਕੱਲ੍ਹ ਪੁਲੀਸ ਨੇ ਉਨ੍ਹਾਂ ਤੋਂ ਪੁੱਛ-ਗਿੱਛ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਦਸਤਕ ਦਿੱਤੀ ਸੀ। ਜ਼ਿਕਰਯੋਗ ਹੈ ਕਿ ਦੇਸ਼ ਪੱਧਰੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਔਰਤਾਂ ਦਾ ਅਜੇ ਵੀ ਜਿਨਸੀ ਸ਼ੋਸ਼ਣ ਜਾਰੀ ਹੈ। ਇਸ ਸਬੰਧੀ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਕੇ ਪੀੜਤ ਔਰਤਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਸੀ। ਰਾਹੁਲ ਗਾਂਧੀ ਨੇ ਕਿਹਾ, ‘ਸ਼ਾਇਦ ਕਈ ਲੋਕ ਪ੍ਰਧਾਨ ਮੰਤਰੀ, ਭਾਜਪਾ, ਆਰਐਸਐਸ ਤੇ ਪੁਲੀਸ ਤੋਂ ਡਰਦੇ ਹੋਣਗੇ ਪਰ ਮੈਂ ਨਹੀਂ ਡਰਦਾ। ਇਸੇ ਗੱਲ ਦੀ ਉਨ੍ਹਾਂ ਨੂੰ ਤਕਲੀਫ਼ ਹੁੰਦੀ ਹੈ।’ ਉਨ੍ਹਾਂ ਕਿਹਾ, ‘ਭਾਵੇਂ ਮੇਰੇ ’ਤੇ ਜਿੰਨੇ ਮਰਜ਼ੀ ਹਮਲੇ ਕੀਤੇ ਜਾਣ ਜਾਂ ਮੇਰੇ ਘਰ ਪੁਲੀਸ ਭੇਜੀ ਜਾਵੇ ਪਰ ਮੈਂ ਸੱਚ ਨਾਲ ਖੜ੍ਹਾ ਰਹਾਂਗਾ।’

ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਦੇ ਪਾਰਟੀ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਨੂੰ ਮਾਤ ਦੇਣ ਲਈ ਇਕਜੁੱਟ ਹੋਣ। ਉਨ੍ਹਾਂ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਕਾਂਗਰਸ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਜੇ ਉਹ ਸੱਤਾ ਵਿੱਚ ਆਏ ਤਾਂ ਉਹ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਅਤੇ ਸਰਕਾਰੀ ਨੌਕਰੀਆਂ ਦੇਣ ਦੇਣਗੇ।

Add a Comment

Your email address will not be published. Required fields are marked *