ਸਿੱਧੂ ਦਾ ਜਿਗਰੀ ਯਾਰ ਅੰਮ੍ਰਿਤ ਮਾਨ ਪਹੁੰਚਿਆ ਮੂਸਾ ਪਿੰਡ

ਚੰਡੀਗੜ੍ਹ : ਪੰਜਾਬੀ ਗਾਇਕ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 3 ਮਹੀਨੇ ਪੂਰੇ ਹੋ ਗਏ ਹਨ। ਸਿੱਧੂ ਦੀ ਬੇਵਕਤੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਚਾਹੁਣ ਵਾਲੇ ਲੋਕ ਹਰ ਰੋਜ਼ ਵੱਡੀ ਗਿਣਤੀ ਵਿਚ ਸਿੱਧੂ ਦੇ ਘਰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚ ਰਹੇ ਹਨ, ਉੱਥੇ ਹੀ  ਕਈ ਕਲਾਕਾਰ ਵੀ ਆਏ ਦਿਨ ਪਹੁੰਚ ਰਹੇ ਹਨ। ਹਾਲ ਹੀ ਵਿਚ ਸਿੱਧੂ ਮੂਸੇਵਾਲਾ ਦਾ ਜਿਗਰੀ ਯਾਰ ਅੰਮ੍ਰਿਤ ਮਾਨ ਮੂਸਾ ਪਿੰਡ ਪਹੁੰਚਿਆ। ਇਸ ਦੌਰਾਨ ਅੰਮ੍ਰਿਤ ਮਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੂੰ ਮਿਲਿਆ। ਇਸ ਦੀ ਜਾਣਤਾਕੀ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। 

ਦੱਸ ਦਈਏ ਕਿ ਇਸ ਤਸਵੀਰ ਵਿਚ ਸਿੱਧੂ ਮੂਸੇਵਾਲਾ ਦਾ ਪਿਤਾ ਅੰਮ੍ਰਿਤ ਮਾਨ ਦੇ ਗਲ ਲੱਗਿਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੋਵੇਂ ਭਾਵੁਕ ਹੁੰਦੇ ਨਜ਼ਰ ਆਏ। ਅੰਮ੍ਰਿਤ ਮਾਨ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਲਿਖਿਆ, ”ਕੋਈ ਸ਼ਬਦ ਨਹੀਂ ਮੇਰੇ ਕੋਲ।” ਇਸ ਕੈਪਸ਼ਨ ਦੇ ਨਾਲ ਹੀ ਉਨ੍ਹਾਂ ਟੁੱਟੇ ਦਿਲ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਹੈ। ਨਾਲ ਹੀ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਿਆ ਹੈ। ਅੰਮ੍ਰਿਤ ਮਾਨ ਦੀ ਇਸ ਤਸਵੀਰ ‘ਤੇ ਆਮ ਲੋਕਾਂ ਦੇ ਨਾਲ-ਨਾਲ ਕਈ ਪੰਜਾਬੀ ਕਲਾਕਾਰ ਵੀ ਕੁਮੈਂਟਾਂ ਰਾਹੀਂ ਸਿੱਧੂ ਦੇ ਪਿਓ ਨੂੰ ਦਿਲਾਸਾ ਦੇ ਰਹੇ ਹਨ। 

ਦੱਸ ਦੇਈਏ ਕਿ 29 ਮਈ 2022 ਦਿਨ ਐਤਵਾਰ ਨੂੰ ਦੁਪਹਿਰ ਬਾਅਦ ਮਾਨਸਾ ਜ਼ਿਲ੍ਹੇ ਦੇ ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰਕੇ ਵਿਚ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿਚ ਸਿੱਧੂ ਨੂੰ ਕਈ ਗੋਲੀਆਂ ਲੱਗੀਆਂ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।

ਦੱਸਣਯੋਗ ਹੈ ਕਿ ਲਾਰੈਂਸ ਗੈਂਗ ਦੇ ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਦਿੱਲੀ ਪੁਲਸ ਨੇ 3 ਸ਼ਾਰਪ ਸ਼ੂਟਰਾਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਹੈ ,ਜਿਨ੍ਹਾਂ ਨੇ ਉਨ੍ਹਾਂ ਦਾ ਕਤਲ ਕੀਤਾ ਸੀ। ਦੋ ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੂੰ ਪੰਜਾਬ ਪੁਲਸ ਨੇ ਅੰਮ੍ਰਿਤਸਰ ਵਿਚ ਇੱਕ ਮੁਕਾਬਲੇ ਵਿਚ ਮਾਰ ਦਿੱਤਾ ਸੀ। ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ। ਪੰਜਾਬ ਪੁਲਸ ਇਸ ਮਾਮਲੇ ਵਿਚ ਲਾਰੈਂਸ ਅਤੇ ਜੱਗੂ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰ ਰਹੀ ਹੈ। ਕਤਲ ਕੇਸ ਵਿਚ 24 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Add a Comment

Your email address will not be published. Required fields are marked *