ਪਾਕਿ ‘ਚ ਨਹੀਂ ਰੁਕ ਰਿਹਾ ਹਿੰਦੂ ਕੁੜੀਆਂ ‘ਤੇ ਅੱਤਿਆਚਾਰ, ਇਕ ਹੋਰ ਲੜਕੀ ਦਾ ਕਰਵਾਇਆ ਜਬਰੀ ਧਰਮ ਪਰਿਵਰਤਨ

ਪੇਸ਼ਾਵਰ : ਪਾਕਿਸਤਾਨ ‘ਚ ਹਿੰਦੂ ਲੜਕੀਆਂ ‘ਤੇ ਹੋ ਰਹੇ ਅੱਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਹੇ। ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਜਬਰੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਅਜਿਹਾ ਹੀ ਇਕ ਹੋਰ ਮਾਮਲਾ ਸਿੰਧ ਤੋਂ ਸਾਹਮਣੇ ਆਇਆ ਹੈ, ਜਿਸ ਵਿੱਚ ਇਕ ਹਿੰਦੂ ਲੜਕੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ। ਸਿੰਧ ਦੇ ਥਾਰਪਰਕਰ ਜ਼ਿਲ੍ਹੇ ਦੇ ਪਿੰਡ ਮੱਲ੍ਹੀ ਦੇ ਰਹਿਣ ਵਾਲੇ ਈਸ਼ਵਰ ਭੀਲ ਨੇ ਦੱਸਿਆ ਕਿ ਉਸ ਦੀ 20 ਸਾਲਾ ਧੀ ਗੁੱਡੀ ਭੀਲ ਨੂੰ 8 ਮਾਰਚ ਨੂੰ ਮੀਰਪੁਰ-ਖਾਸੋ ਦੇ ਸਿਖੰਦਰ ਬਜੀਰ ਨੇ ਉਸ ਸਮੇਂ ਅਗਵਾ ਕਰ ਲਿਆ, ਜਦੋਂ ਉਹ ਹਸਪਤਾਲ ਤੋਂ ਵਾਪਸ ਆ ਰਹੀ ਸੀ। ਗੁੱਡੀ ਆਪਣੇ ਭਰਾ ਲਈ ਬੁਖਾਰ ਦੀ ਦਵਾਈ ਲੈਣ ਹਸਪਤਾਲ ਗਈ ਸੀ।

ਪੀੜਤਾ ਦੇ ਪਿਤਾ ਈਸ਼ਵਰ ਭੀਲ ਨੇ ਦੱਸਿਆ ਕਿ ਉਸ ਦੀ ਧੀ ‘ਤੇ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਅਤੇ ਸੀਨੀਅਰ ਪੁਲਸ ਕਪਤਾਨ (ਐੱਸਐੱਸਪੀ) ਅਤੇ ਡਿਪਟੀ ਕਮਿਸ਼ਨਰ (ਡੀਸੀ) ਮੀਰਪੁਰ ਖਾਸ ਨੂੰ ਹਸਤਾਖਰ ਕੀਤੇ ਹਲਫ਼ਨਾਮਾ ਜਮ੍ਹਾ ਕਰਵਾਉਣ ਲਈ ਮਜਬੂਰ ਕੀਤਾ ਗਿਆ। ਹਲਫ਼ਨਾਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਸੀ ਤੇ ਅਜਿਹਾ ਕਰਨ ਲਈ ਉਸ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਗਿਆ ਤੇ ਨਾ ਹੀ ਉਸ ਨੂੰ ਮਜਬੂਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਇਕ ਹਿੰਦੂ ਨਾਬਾਲਗ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ ਅਤੇ ਪੁਲਸ ਨੇ ਮਾਮਲਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਉਮਰਕੋਟ ਦੇ ਪਿੰਡ ਤੱਲ੍ਹੋ ਮੱਲ੍ਹੋ ਦੇ ਵੀਰੋ ਕੋਲਹੀਆ ਨੇ ਦੱਸਿਆ ਕਿ ਉਸ ਦੀ ਨਾਬਾਲਗ ਧੀ ਨੂੰ ਉਸ ਦੇ ਪਿੰਡ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਨਸ਼ਾ ਪਿਲਾ ਕੇ ਅਗਵਾ ਕਰ ਲਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਪੁਲਸ ਨੇ ਗੁੰਮਸ਼ੁਦਗੀ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਮਾਰਚ 2023 ਵਿੱਚ ਹੁਣ ਤੱਕ ਨਾਬਾਲਗ ਹਿੰਦੂ ਕੁੜੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ 3 ਹੋਰ ਮਾਮਲੇ ਸਾਹਮਣੇ ਆਏ ਹਨ। 14 ਸਾਲਾ ਮੀਨਾ ਬੱਟ ਨੂੰ ਮੀਰਪੁਰਖਾਸ ਦੇ ਮਾਵੋਮਹਵਾਰ ਵਿੱਚ ਉਸ ਦੇ ਘਰ ਨੇੜਿਓਂ ਅਗਵਾ ਕਰ ਲਿਆ ਗਿਆ ਸੀ ਅਤੇ ਬਰਚੁੰਡੀ ਸ਼ਰੀਫ ਦਰਗਾਹ (ਗੋਟਕੀ) ਵਿਖੇ ਧਰਮ ਪਰਿਵਰਤਨ ਕਰਨ ਤੋਂ ਬਾਅਦ ਅਗਵਾਕਾਰ ਅਬਦੁਰ ਨਾਲ ਵਿਆਹ ਕਰਵਾ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਕਰਾਚੀ ਦੀ 16 ਸਾਲਾ ਸੰਗੀਤਾ ਕੁਮਾਰੀ ਨੂੰ ਅਗਵਾ ਕਰ ਕਰਾਚੀ ਦੇ ਸੂਫੀ ਦਰਬਾਰ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਅਗਵਾਕਾਰ ਨਾਲ ਨਿਕਾਹ ਕਰਵਾ ਲਿਆ ਗਿਆ ਸੀ। ਪਾਕਿਸਤਾਨ ਦੇ ਸਿੰਧ ਅਤੇ ਪੰਜਾਬ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 100 ਤੋਂ ਵੱਧ ਸਮਾਜਿਕ ਕਾਰਕੁਨਾਂ ਨੇ ਸੋਮਵਾਰ ਨੂੰ ਕਰਾਚੀ ‘ਚ ਆਯੋਜਿਤ ‘ਔਰਤ’ ਨਾਂ ਦੇ ਇਕ ਸਮਾਗਮ ਵਿੱਚ ਘੱਟ ਗਿਣਤੀ ਖਾਸ ਕਰਕੇ ਹਿੰਦੂ ਭਾਈਚਾਰੇ ਦੀਆਂ ਨਾਬਾਲਗ ਲੜਕੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਕਈ ਕਾਰਕੁਨਾਂ ਨੇ ਔਰਤਾਂ ਵਿਰੁੱਧ ਹੋ ਰਹੇ ਅੱਤਿਆਚਾਰਾਂ ਅਤੇ ਅਜਿਹੀਆਂ ਘਟਨਾਵਾਂ ਪ੍ਰਤੀ ਸਰਕਾਰੀ ਅਧਿਕਾਰੀਆਂ ਵੱਲੋਂ ਦਿਖਾਈ ਜਾ ਰਹੀ ਬੇਰੁਖ਼ੀ ਬਾਰੇ ਗੱਲ ਕੀਤੀ।

Add a Comment

Your email address will not be published. Required fields are marked *