ਟੈਕਸਾਸ ‘ਚੋਂ ਬੱਸਾਂ ਰਾਹੀਂ 9000 ਦੇ ਕਰੀਬ ਪ੍ਰਵਾਸੀ ਨਿਊਯਾਰਕ ਤੇ ਵਾਸ਼ਿੰਗਟਨ ਭੇਜੇ

ਸੈਕਰਾਮੈਂਟੋ, 28 ਅਗਸਤ -ਪਿਛਲੇ ਸਮੇਂ ਦੌਰਾਨ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੀਆਂ ਕੋਸ਼ਿਸ਼ਾਂ ਸਦਕਾ ਰਾਜ ‘ਚੋਂ ਤਕਰੀਬਨ 9000 ਪ੍ਰਵਾਸੀਆਂ ਨੂੰ ਨਿਊਯਾਰਕ ਸ਼ਹਿਰ ਤੇ ਵਾਸ਼ਿੰਗਟਨ, ਡੀ ਸੀ ‘ਚ ਭੇਜਿਆ ਗਿਆ ਹੈ, ਜੋ ਅਮਰੀਕਾ ‘ਚ ਸ਼ਰਣ ਦੇਣ ਦੀ ਮੰਗ ਕਰ ਰਹੇ ਹਨ | ਅਬੋਟ ਦੇ ਦਫ਼ਤਰ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਅਪ੍ਰੈਲ ਤੋਂ ਬਾਅਦ ਟੈਕਸਾਸ ‘ਚੋਂ 7400 ਤੋਂ ਵੱਧ ਪ੍ਰਵਾਸੀ ਡੀ ਸੀ ਤੇ ਇਸ ਮਹੀਨੇ 5 ਅਗਸਤ ਤੋਂ ਬਾਅਦ 1500 ਪ੍ਰਵਾਸੀ ਨਿਊਯਾਰਕ ਸ਼ਹਿਰ ‘ਚ ਭੇਜੇ ਗਏ ਹਨ | ਬਿਆਨ ‘ਚ ਕਿਹਾ ਗਿਆ ਹੈ ਕਿ ਬੱਸ ਮਿਸ਼ਨ ਸਰਹੱਦ ਉਪਰ ਬੈਠੇ ਪ੍ਰਵਾਸੀਆਂ ਨੂੰ ਵੱਡੀ ਰਾਹਤ ਪਹੁੰਚਾ ਰਿਹਾ ਹੈ ਤੇ ਇਹ ਮਿਸ਼ਨ ਬਾਈਡਨ ਪ੍ਰਸ਼ਾਸਨ ਦੁਆਰਾ ਸਰਹੱਦ ਸੁਰੱਖਿਅਤ ਕਰਨ ਤੋਂ ਇਨਕਾਰ ਕਰ ਕੇ ਛੱਡੇ ਖਤਰਨਾਕ ਪਾੜਿਆਂ ਨੂੰ ਪੂਰਨ ‘ਚ ਮਦਦ ਕਰੇਗਾ | ਬਾਈਡਨ ਦੀਆਂ ਪ੍ਰਵਾਸ ਨੀਤੀਆਂ ਦੇ ਕੱਟੜ ਅਲੋਚਕ ਅਬੋਟ ਨੇ ਇਸ ਸਾਲ ਦੇ ਸ਼ੁਰੂ ‘ਚ ਇਛੁੱਕ ਪ੍ਰਵਾਸੀਆਂ ਨੂੰ ਬੱਸਾਂ ਰਾਹੀਂ ਡੀ ਸੀ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ | ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਨੇ ਬੱਸ ਜਾਂ ਜਹਾਜ਼ ਰਾਹੀਂ ਜਾਣਾ ਹੈ, ਇਹ ਉਨ੍ਹਾਂ ਉਪਰ ਨਿਰਭਰ ਹੈ, ਪਰੰਤੂ ਪ੍ਰਵਾਸੀਆਂ ਨੂੰ ਹੋਮ ਲੈਂਡ ਸਕਿਉਰਿਟੀ ਵਿਭਾਗ ਦੇ ਦਸਤਾਵੇਜ਼ ਵਿਖਾਉਣੇ ਪੈਣਗੇ | ਸ਼ਹਿਰ ਦੇ ਮੇਅਰ ਏਰਿਕ ਐਡਮਜ਼ ਤੇ ਹੋਰ ਅਧਿਕਾਰੀਆਂ ਨੇ ਸ਼ੁਰੂ ‘ਚ ਅਬੋਟ ਪ੍ਰਸ਼ਾਸਨ ਉਪਰ ਦੋਸ਼ ਲਾਇਆ ਸੀ ਕਿ ਉਹ ਪ੍ਰਵਾਸੀਆਂ ਨੂੰ ਜਬਰਦਸਤੀ ਬੱਸਾਂ ਰਾਹੀਂ ਨਿਊਯਾਰਕ ਭੇਜ ਰਹੇ ਹਨ ਤੇ ਉਹ ਪ੍ਰਵਾਸੀਆਂ ਦੇ ਤਬਾਦਲੇ ਸੰਬੰਧੀ ਸਹਿਯੋਗ ਨਹੀਂ ਕਰ ਰਿਹਾ | ਕੁਝ ਵੀ ਹੋਵੇ ਪ੍ਰਵਾਸੀ ਖੁਸ਼ ਹਨ ਕਿ ਇਸ ਨਾਲ ਉਨ੍ਹਾਂ ਲਈ ਸ਼ਰਣ ਪ੍ਰਾਪਤ ਕਰਨ ਦਾ ਰਾਹ ਸਾਫ ਹੋਵੇਗਾ |

Add a Comment

Your email address will not be published. Required fields are marked *