ਮਾਇਆਵਤੀ ਵੱਲੋਂ ਭਾਜਪਾ, ਕਾਂਗਰਸ ਤੇ ਐੱਸਪੀ ’ਤੇ ਸ਼ਬਦੀ ਹਮਲੇ

ਲਖਨਊ, 15 ਮਾਰਚ-: ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਕੁਮਾਰੀ ਮਾਇਆਵਤੀ ਨੇ ਭਾਜਪਾ, ਕਾਂਗਰਸ ਤੇ ਸਮਾਜਵਾਦੀ ਪਾਰਟੀ ’ਤੇ ਜਾਤੀਵਾਦ ਅਤੇ ਰਾਖਵਾਂਕਰਨ ਵਿਰੋਧੀ ਹੋਣ ਦਾ ਦੋਸ਼ ਲਾਉਂਦਿਆਂ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਨੂੰ ਅੱਜ ਉਨ੍ਹਾਂ ਦੇ ਜਨਮ ਦਿਨ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

ਮਾਇਆਵਤੀ ਨੇ ਆਪਣੇ ਸਮਰਥਕਾਂ ਨੂੰ ਚੋਣਾਂ ’ਚ ਸਫਲਤਾ ਅਤੇ ਸੱਤਾ ਦੀ ਮੁੱਖ ਕੁੰਜੀ ਹਾਸਲ ਕਰਕੇ ਪਾਰਟੀ ਵਿਰੋਧੀਆਂ ਨੂੰ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਨੇ ਹਾਲ ਹੀ ਵਿੱਚ ਦੋਸ਼ ਲਾਇਆ ਹੈ ਕਿ ਬਸਪਾ ਵੱਲੋਂ ਭਗਵਾ ਪਾਰਟੀ ਨਾਲ ਗੱਠਜੋੜ ਕੀਤਾ ਜਾ ਰਿਹਾ ਹੈ ਤੇ ਭਾਜਪਾ ਦੀ ‘ਬੀ’ ਟੀਮ ਵਜੋਂ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਜਵਾਬ ਵਿੱਚ ਮਾਇਆਵਤੀ ਨੇ ਕਿਹਾ ਕਿ ਮਹਿਜ਼ ਦੋਸ਼ ਲਾਉਣ ਨਾਲ ਕੁਝ ਨਹੀਂ ਹੁੰਦਾ। ਉੱਤਰ ਪ੍ਰਦੇਸ਼ ਦੇ ਵਸਨੀਕ ਤੇ ਦੇਸ਼ ਵਾਸੀ ਦੇਖ ਰਹੇ ਹਨ ਕਿ ਕਿਹੜੀ ਪਾਰਟੀ ਕਿਸ ਦੀ ‘ਬੀ’ ਟੀਮ ਹੈ।

ਬਸਪਾ ਸੁਪਰੀਮੋ ਨੇ ਸਵੇਰੇ ਪਾਰਟੀ ਦਫ਼ਤਰ ਵਿੱਚ ਕਾਂਸ਼ੀ ਰਾਮ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਦੋਸ਼ ਲਾਇਆ ਕਿ ਕਾਂਸ਼ੀ ਰਾਮ ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਹਾਲੇ ਵੀ ਜਾਤੀਵਾਦ ਸਰਕਾਰ ਦੀ ਗ੍ਰਿਫ਼ਤ ਵਿੱਚ ਹੈ ਅਤੇ ਇਸ ‘ਲਾਅਣਤ’ ਤੋਂ ਤਾਂ ਹੀ ਨਿਜਾਤ ਮਿਲੇਗੀ ਜਦੋਂ ਦੱਬੇ-ਕੁੱਚਲੇ ਲੋਕ ਵੋਟਾਂ ਪਾਉਣ ਦੇ ਸੰਵਿਧਾਨਕ ਹੱਕ ਦੀ ਵਰਤੋਂ ਕਰਕੇ ਕੇਂਦਰ ਤੇ ਸੂਬਿਆਂ ਵਿੱਚ ਸੱਤਾ ਹਾਸਲ ਕਰ ਲੈਣਗੇ। ਮਾਇਆਵਤੀ ਅਨੁਸਾਰ ਇਸੇ ਮੰਤਵ ਲਈ ਹੀ ਬਸਪਾ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਦੇਸ਼ ਵਾਸੀਆਂ ਖਾਸਕਰ ਉੱਤਰ ਪ੍ਰਦੇਸ਼ ਦੇ ਵਸਨੀਕ ਭਾਜਪਾ, ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਜਾਤੀਵਾਤ ਤੇ ਰਾਖਵਾਂਕਰਨ ਵਿਰੋਧੀ ਰਵੱਈਆ ਦੇਖ ਚੁੱਕੇ ਹਨ ਤੇ ਇਹ ਵੀ ਜਾਣ ਚੁੱਕੇ ਹਨ ਕਿ ਐੱਸਸੀ, ਐੱਸਟੀ, ਓਬੀਸੀ, ਮੁਸਲਿਮ ਤੇ ਹੋਰਨਾਂ ਘੱਟ ਗਿਣਤੀ ਵਰਗਾਂ ਨੂੰ ਕਿਸ ਤਰ੍ਹਾਂ ਉਨ੍ਹਾਂ ਦੇ ਕਾਨੂੰਨੀ ਹੱਕਾਂ ਤੋਂ ਵਾਂਝੇ ਕੀਤਾ ਗਿਆ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਇਨ੍ਹਾਂ ਜਮਾਤਾਂ ਨਾਲ ਸਬੰਧਤ ਲੋਕ ਇਹ ਆਸ ਨਾ ਰੱਖਣ ਕਿ ਭਾਜਪਾ, ਕਾਂਗਰਸ ਤੇ ਐੱਸਪੀ ਵੱਲੋਂ ਉਨ੍ਹਾਂ ਦੀ ਭਲਾਈ ਲਈ ਕਦਮ ਚੁੱਕੇ ਜਾਣਗੇ।

Add a Comment

Your email address will not be published. Required fields are marked *