ਰਾਹੁਲ ਦੇ ਲੋਕਤੰਤਰ ਬਾਰੇ ਬਿਆਨ ’ਤੇ ਸੰਸਦ ਮੁੜ ਠੱਪ

ਨਵੀਂ ਦਿੱਲੀ, 15 ਮਾਰਚ-: ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ’ਚ ਅੱਜ ਤੀਜੇ ਦਿਨ ਵੀ ਜ਼ੋਰਦਾਰ ਹੰਗਾਮਾ ਹੋਇਆ। ਕਾਂਗਰਸ ਆਗੂ ਰਾਹੁਲ ਗਾਂਧੀ ਦੇ ਇੰਗਲੈਂਡ ’ਚ ਜਮਹੂਰੀਅਤ ਬਾਰੇ ਦਿੱਤੇ ਗਏ ਬਿਆਨ ’ਤੇ ਸਰਕਾਰੀ ਅਤੇ ਵਿਰੋਧੀ ਧਿਰਾਂ ਨੇ ਇਕ-ਦੂਜੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵਾਰ ਵਾਰ ਕਾਰਵਾਈ ’ਚ ਅੜਿੱਕੇ ਪੈਣ ਕਾਰਨ ਦੋਵੇਂ ਸਦਨਾਂ ਨੂੰ ਵੀਰਵਾਰ ਤੱਕ ਲਈ ਉਠਾ ਦਿੱਤਾ ਗਿਆ।

ਲੋਕ ਸਭਾ ’ਚ ਵਿਰੋਧੀ ਧਿਰ ਦੇ ਮੈਂਬਰ ਤਖ਼ਤੀਆਂ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਸਦਨ ਦੇ ਵਿਚਕਾਰ ਆ ਗਏ। ਉਹ ਅਡਾਨੀ ਗਰੁੱਪ ਖ਼ਿਲਾਫ਼ ਜਾਂਚ ਲਈ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕਰ ਰਹੇ ਸਨ। ਸਰਕਾਰੀ ਧਿਰ ਦੇ ਮੈਂਬਰਾਂ ਨੇ ਵੀ ਰਾਹੁਲ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੀਟਾਂ ’ਤੇ ਵਾਪਸ ਚਲੇ ਜਾਣ ਅਤੇ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚੱਲਣ ਦੇਣ। ਉਨ੍ਹਾਂ ਕਿਹਾ,‘‘ਸਦਨ ਬਾਰੇ ਸੰਸਦ ਅਤੇ ਬਾਹਰ ਟਿੱਪਣੀ ਕਰਨਾ ਠੀਕ ਨਹੀਂ ਹੈ। ਸਿਰਫ਼ ਮੁੱਦਿਆਂ ਅਤੇ ਨੀਤੀਆਂ ਬਾਰੇ ਗੱਲ ਕਰੋ। ਇਥੇ ਤਖ਼ਤੀਆਂ ਲਿਆਉਣਾ ਵੀ ਠੀਕ ਨਹੀਂ ਹੈ। ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ। ਇਹ ਗਲਤ ਹੈ।’’ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਸੀਟ ਤੋਂ ਉੱਠ ਕੇ ਸਪੀਕਰ ਨੂੰ ਬੇਨਤੀ ਕੀਤੀ ਕਿ ਜੇਕਰ ਮੈਂਬਰ ਸਦਨ ਸੁਚਾਰੂ ਢੰਗ ਨਾਲ ਚੱਲਣ ਨਹੀਂ ਦਿੰਦੇ ਹਨ ਅਤੇ ਰਾਹੁਲ ਗਾਂਧੀ ਆਪਣੇ ਬਿਆਨਾਂ ਲਈ ਮੁਆਫ਼ੀ ਨਹੀਂ ਮੰਗਦੇ ਹਨ ਤਾਂ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਬਿਰਲਾ ਨੇ ਕਿਹਾ ਕਿ ਜਮਹੂਰੀਅਤ ’ਚ ਮੈਂਬਰਾਂ ਨੂੰ ਹੱਥਾਂ ’ਚ ਤਖ਼ਤੀਆਂ ਲੈ ਕੇ ਨਾਅਰੇਬਾਜ਼ੀ ਕਰਨ ਦਾ ਹੱਕ ਸਿਰਫ਼ ਸਦਨ ਦੇ ਬਾਹਰ ਹੈ। ਉਨ੍ਹਾਂ ਸਦਨ ਦੀ ਕਾਰਵਾਈ ਪਹਿਲਾਂ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕੀਤੀ। ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਸ਼ੋਰ-ਸ਼ਰਾਬੇ ਦਰਮਿਆਨ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਇੰਟਰ-ਸਰਵਿਸਿਜ਼ (ਕਮਾਂਡ, ਕੰਟਰੋਲ ਐਂਡ ਡਿਸਿਪਲਿਨ) ਬਿੱਲ, 2023 ਸਦਨ ’ਚ ਪੇਸ਼ ਕੀਤਾ। ਇਸ ਮਗਰੋਂ ਚੇਅਰ ’ਤੇ ਬੈਠੇ ਭਰਤਰੂਹਰੀ ਮਾਹਤਾਬ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਉਧਰ ਰਾਜ ਸਭਾ ’ਚ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਨਿਯਮ 267 ਤਹਿਤ ਸੱਤ ਵਰਗਾਂ ’ਚ 11 ਨੋਟਿਸ ਮਿਲੇ ਹਨ। ਉਨ੍ਹਾਂ ਨੋਟਿਸਾਂ ਬਾਰੇ ਅਜੇ ਫ਼ੈਸਲਾ ਸੁਣਾਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਭਾਜਪਾ ਮੈਂਬਰਾਂ ਨੇ ਰਾਹੁਲ ਗਾਂਧੀ ਤੋਂ ਮੁਆਫ਼ੀ ਦੀ ਮੰਗ ਦਾ ਮੁੱਦਾ ਉਠਾ ਲਿਆ। ਹੰਗਾਮੇ ਵਿਚਕਾਰ ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਚੇਅਰਮੈਨ ਧਨਖੜ ਨੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬੋਲਣ ਦਾ ਮੌਕਾ ਦਿੱਤਾ। ਖੜਗੇ ਅਜੇ ਆਪਣਾ ਬਿਆਨ ਮੁਕੰਮਲ ਨਹੀਂ ਕਰ ਸਕੇ ਸਨ ਕਿ ਭਾਜਪਾ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਨਖੜ ਨੇ ਸਦਨ ਦੇ ਆਗੂ ਪਿਯੂਸ਼ ਗੋਇਲ ਨੂੰ ਕਿਹਾ ਕਿ ਉਹ ਆਪਣੀ ਟੀਮ ਨੂੰ ਕੰਟਰੋਲ ਕਰਨ। ਫਿਰ ਚੇਅਰਮੈਨ ਨੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ।

Add a Comment

Your email address will not be published. Required fields are marked *