ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਿਹਾ-ਸਿਆਸਤ ਤੋਂ ਪ੍ਰੇਰਿਤ ਹੈ ਚਾਰਜਸ਼ੀਟ

ਚੰਡੀਗੜ੍ਹ –ਕੋਟਕੂਪਰਾ ਗੋਲੀਕਾਂਡ ਮਾਮਲੇ ’ਚ ਐੱਸ. ਆਈ. ਟੀ. ਵੱਲੋਂ ਪੇਸ਼ ਕੀਤੇ ਗਏ ਚਲਾਨ ’ਚ ਮੁਲਜ਼ਮ ਦੇ ਤੌਰ ’ਤੇ ਨਾਂ ਸ਼ਾਮਲ ਕੀਤੇ ਜਾਣ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇਕ ਮੰਤਰੀ ਕੁਲਦੀਪ ਧਾਲੀਵਾਲ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੁਝ ਹੀ ਦਿਨ ਪਹਿਲਾਂ ਬਰਗਾੜੀ ਮੋਰਚੇ ’ਚ ਜਾ ਕੇ ਪਹਿਲਾਂ ਹੀ ਇਹ ਵਾਅਦਾ ਕਰਦੇ ਆਏ ਸਨ ਕਿ ਇਸ ਮਾਮਲੇ ’ਚ ਬਾਦਲ ਪਰਿਵਾਰ ਨੂੰ ਨਾਮਜ਼ਦ ਕੀਤਾ ਜਾਵੇਗਾ।

ਇਸ ਲਈ ਚਾਰਜਸ਼ੀਟ ’ਚ ਅਜਿਹਾ ਹੋਣਾ ਹੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੇ ਝੂਠੇ ਫੈਬਰੀਕੇਟਿਡ ਕੇਸ ਦਾ ਉਹੀ ਹਾਲ ਹੋਣਾ ਹੈ, ਜੋ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦਾ ਪੰਜਾਬ ਹਰਿਆਣਾ ਹਾਈਕੋਰਟ ’ਚ ਹੋਇਆ ਸੀ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ’ਚ ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ’ਚ ਬਣਾਈ ਗਈ ਸਿੱਟ ਵੱਲੋਂ ਫਰੀਦਕੋਟ ਦੀ ਅਦਾਲਤ ਵਿਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਵੀ ਨਾਂ ਹੈ।

ਇਸ ਦੇ ਨਾਲ ਹੀ ਚਲਾਨ ’ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਤੱਤਕਾਲੀ ਐੱਸ. ਐੱਸ.ਪੀ. ਚਰਨਜੀਤ ਸ਼ਰਮਾ, ਮੁਅੱਤਲ ਆਈ. ਜੀ. ਪਰਮਰਾਜ ਉਮਰਾਨੰਗਲ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਨੂੰ ਮਾਸਟਰਮਾਈਂਡ ਬਣਾਇਆ ਗਿਆ ਹੈ। ਉਨ੍ਹਾਂ ਖ਼ਿਲਾਫ਼ 307, 120 ਸਮੇਤ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ।

Add a Comment

Your email address will not be published. Required fields are marked *