ਬੋਲਣ ਦੀ ਆਜ਼ਾਦੀ ਤੇ ਸੱਚ ਲਿਖਣ ਦਾ ਅਧਿਕਾਰ ਖਤਰੇ ਹੇਠ: ਖੜਗੇ

ਨਵੀਂ ਦਿੱਲੀ, 14 ਮਾਰਚ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਕਿਹਾ ਕਿ ਬੋਲਣ ਦੀ ਆਜ਼ਾਦੀ ਤੇ ਸੱਚ ਲਿਖਣ ਦੇ ਅਧਿਕਾਰ ’ਤੇ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਸੰਸਦ ਵਿੱਚ ਅਹਿਮ ਗੱਲਾਂ ਨੂੰ ਰਿਕਾਰਡ ਵਿੱਚੋਂ ਮਿਟਾ ਦਿੱਤਾ ਜਾਂਦਾ ਹੈ।

ਇੱਥੇ ਲੋਕਮਤ ਨੈਸ਼ਨਲ ਕਨਕਲੇਵ ਵਿੱਚ ਸੰਬੋਧਨ ਕਰਦਿਆਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮੀਡੀਆ ਜਮਹੂਰੀਅਤ ਦਾ ਅਹਿਮ ਥੰਮ੍ਹ ਹੈ ਪਰ ਇਸ ਨੂੰ ਤਾਕਤ ਨਾਲ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹਰ ਭਾਰਤੀ ਨੂੰ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ ਪਰ ਮੀਡੀਆ ਦਾ ਇਕ ਵਰਗ ਆਜ਼ਾਦੀ ਲਈ ਲੜਾਈ ਲੜ ਰਿਹਾ ਹੈ ਅਤੇ ਦੂਜੇ ਵਰਗ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਬੋਲਣ ਤੇ ਸੱਚ ਲਿਖਣ ਦੀ ਆਜ਼ਾਦੀ ’ਤੇ ਖਤਰਾ ਖੜ੍ਹਾ ਹੋ ਗਿਆ ਹੈ। ਇਸੇ ਦੌਰਾਨ ਸੀਪੀਆਈ-ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸਰਕਾਰ ਉੱਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਤੰਗ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਦੀ ਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਪਿਛਲੇ ਨੌਂ ਸਾਲਾਂ ਵਿੱਚ ਕਿੰਨੇ ਕੁ ਜਣਿਆਂ ਨੂੰ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਨਾਲ ਕਿਸੇ ਵਿਵਾਦ ਦੀ ਗੱਲ ਨੂੰ ਸਿਰੇ ਤੋਂ ਨਕਾਰਿਆ। ਦੂਜੇ ਪਾਸੇ ਕਾਨੂੰਨ ਮੰਤਰੀ ਕਿਰਨ ਰਿਜਿਜੂ ਦਾ ਕਹਿਣਾ ਸੀ ਕਿ ਸਰਕਾਰ ਅਤੇ ਨਿਆਂਇਕ ਪ੍ਰਣਾਲੀ ਟੀਮ ਵਜੋਂ ਕੰਮ ਕਰ ਰਹੀਆਂ ਹਨ ਪਰ ‘ਸਮਾਜ ਵਿਚਲੇ ਕੁਝ ਅਦਾਕਾਰ’ ਇਹੋ ਜਿਹਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਨ੍ਹਾਂ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਆਗੂ ਰਾਹੁਲ ਗਾਂਧੀ ਦੀਆਂ ਜਮਹੂਰੀਅਤ ਦੇ ਖਤਰੇ ਵਿੱਚ ਹੋਣ ਵਾਲੇ ਬਿਆਨ ’ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦੇ ਬਿਆਨ ਠੋਸ ਨਹੀਂ ਹੁੰਦੇ ਜਿਸ ’ਤੇ ਕੋਈ ਹੁੰਗਾਰਾ ਭਰਿਆ ਜਾ ਸਕੇ। 

Add a Comment

Your email address will not be published. Required fields are marked *