ਕਰਨਾਟਕ: ਸੋਨੀਆ ਤੇ ਰਾਹੁਲ ਨਾਲ ਸਲਾਹ-ਮਸ਼ਵਰੇ ਮਗਰੋਂ ਅੱਜ ਹੋ ਸਕਦਾ ਹੈ ਸੀਐੱਮ ਦਾ ਐਲਾਨ

ਨਵੀਂ ਦਿੱਲੀ, 15 ਮਈ-: ਕਰਨਾਟਕ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਬਣੇ ਸ਼ਸ਼ੋਪੰਜ ਦਰਮਿਆਨ ਕਾਂਗਰਸ ਪਾਰਟੀ ਦੇ ਤਿੰਨ ਕੇਂਦਰੀ ਨਿਗਰਾਨਾਂ ਨੇ ਬੰਗਲੂਰੂ ਵਿੱਚ ਨਵੇਂ ਚੁਣੇ ਕਾਂਗਰਸੀ ਵਿਧਾਇਕਾਂ ਨਾਲ ਵਿਚਾਰ ਚਰਚਾ ਤੋਂ ਇਕ ਦਿਨ ਮਗਰੋਂ ਅੱਜ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਰਿਪੋਰਟ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ ਖੜਗੇ ਹੁਣ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਤੇ ਪਾਰਟੀ ਆਗੂ ਰਾਹੁਲ ਗਾਂਧੀ ਨਾਲ ਸਲਾਹ ਮਸ਼ਵਰੇ ਮਗਰੋਂ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਲੈਣਗੇ। ਸੂਤਰਾਂ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਜਾ ਸਕਦਾ ਹੈ। ਹਾਲ ਦੀ ਘੜੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਇਸ ਅਹੁਦੇ ਲਈ ਪ੍ਰਮੁੱਖ ਦਾਅਵੇਦਾਰ ਹਨ। ਉਧਰ ਸ਼ਿਵਕੁਮਾਰ ਦੀ ਅੱਜ ਦਿੱਲੀ ਵਿਚੋਂ ਗੈਰ-ਮੌਜੂਦਗੀ ਨੇ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ ਕਿ ਕਰਨਾਟਕ ਕਾਂਗਰਸ ਵਿੱਚ ਸਭ ਕੁਝ ਠੀਕ ਨਹੀਂ ਹੈ। ਚੇਤੇ ਰਹੇ ਕਿ ਕਾਂਗਰਸ ਹਾਈ ਕਮਾਨ ਨੇ ਸਿੱਧਾਰਮਈਆ ਤੇ ਸ਼ਿਵਕੁਮਾਰ ਨੂੰ ਅੱਜ ਦਿੱਲੀ ਸੱਦਿਆ ਸੀ। ਸਿੱਧਾਰਮਈਆ ਤਾਂ ਸ਼ਾਮ ਸਮੇਂ ਦਿੱਲੀ ਪੁੱਜ ਗਏ, ਪਰ ਸ਼ਿਵਕੁਮਾਰ ਨੇ ਐਨ ਆਖਰੀ ਮੌਕੇ ਫੇਰੀ ਰੱਦ ਕਰ ਦਿੱਤੀ। ਖੜਗੇ ਦੀ ਰਿਹਾਇਸ਼ ’ਤੇ ਸ਼ਾਮ ਸਮੇਂ ਹੋਈ ਬੈਠਕ ਵਿੱਚ ਕਰਨਾਟਕ ’ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਚਰਚਾ ਕੀਤੀ ਗਈ। ਬੈਠਕ ਵਿੱਚ ਤਿੰਨ ਕੇਂਦਰੀ ਨਿਗਰਾਨਾਂ- ਸੁਸ਼ੀਲ ਕੁਮਾਰ ਸ਼ਿੰਦੇ, ਜੀਤੇਂਦਰ ਸਿੰਘ ਤੇ ਦੀਪਕ ਬਾਬਰੀਆ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ (ਜਥੇਬੰਦੀ) ਕੇ.ਸੀ.ਵੇਣੂਗੋਪਾਲ ਤੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਵੀ ਮੌਜੂਦ ਸਨ। ਮੀਟਿੰਗ ਦੌਰਾਨ ਕੇਂਦਰੀ ਨਿਗਰਾਨਾਂ ਦੀ ਰਿਪੋਰਟ ਤੇ ਨਵੇਂ ਚੁਣੇ ਵਿਧਾਇਕਾਂ ਵੱਲੋਂ ਦਿੱਤੀ ਰਾਏ ’ਤੇ ਵਿਚਾਰ ਚਰਚਾ ਕੀਤੀ ਗਈ। ਸੂਤਰਾਂ ਨੇ ਕਿਹਾ ਕਿ ਨਿਗਰਾਨਾਂ ਨੇ ਕਾਂਗਰਸ ਪ੍ਰਧਾਨ ਨੂੰ ਵਿਧਾਇਕਾਂ ਦੀ ਨਵੇਂ ਮੁੱਖ ਮੰਤਰੀ ਤੇ ਕਰਨਾਟਕ ਵਿੱਚ ਸਰਕਾਰ ਦੇ ਗਠਨ ਬਾਰੇ ਰਾਏ ਤੋਂ ਜਾਣੂ ਕਰਵਾਇਆ।

Add a Comment

Your email address will not be published. Required fields are marked *