ਕੈਨੇਡਾ ‘ਚ ਪੈਦਲ ਯਾਤਰੀਆਂ ਲਈ ਕਾਲ ਬਣਿਆ ਟਰੱਕ

ਓਟਾਵਾ- ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਇੱਕ ਪਿਕ-ਅੱਪ ਟਰੱਕ ਨੇ ਪੈਦਲ ਯਾਤਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ ਇਹ ਘਟਨਾ ਸੋਮਵਾਰ ਦੁਪਹਿਰ ਨੂੰ ਅਮਕੀ ਸ਼ਹਿਰ ਵਿੱਚ ਵਾਪਰੀ ਅਤੇ ਪੁਲਸ ਨੂੰ ਦੁਪਹਿਰ 3 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਬੁਲਾਇਆ ਗਿਆ। ਵਾਹਨ ਦੇ ਡਰਾਈਵਰ, ਇੱਕ 38 ਸਾਲਾ ਵਿਅਕਤੀ, ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਂਚਕਰਤਾ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਹ ਘਟਨਾ ਜਾਣਬੁੱਝ ਕੇ ਕੀਤੀ ਗਈ ਸੀ? ਕੈਨੇਡੀਅਨ ਮੀਡੀਆ ਦੇ ਅਨੁਸਾਰ, 2 ਪੀੜਤਾਂ ਵਿੱਚ ਇੱਕ ਵਿਅਕਤੀ ਦੀ ਉਮਰ 70 ਅਤੇ ਦੂਜੇ ਦੀ 60 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ, ਜਦੋਂਕਿ ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ। 

ਕਿਊਬਿਕ ਦੇ ਪ੍ਰਧਾਨ ਮੰਤਰੀ ਫ੍ਰੈਂਕੋਇਸ ਲੇਗੌਲਟ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਦੱਸਿਆ, ਜਦਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ ‘ਤੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਐਮਕੀ ਦੇ ਲੋਕਾਂ ਨਾਲ ਹੈ। ਸੋਮਵਾਰ ਦੀ ਘਟਨਾ ਤੋਂ ਠੀਕ ਇਕ ਮਹੀਨਾ ਪਹਿਲਾਂ ਕਿਊਬਿਕ ਵਿੱਚ ਇੱਕ ਡੇ-ਕੇਅਰ ਸੈਂਟਰ ਵਿੱਚ ਇੱਕ ਬੱਸ ਦਾਖ਼ਲ ਹੋ ਗਈ ਸੀ, ਜਿਸ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਸ਼ੱਕੀ ‘ਤੇ ਪਹਿਲੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ।

Add a Comment

Your email address will not be published. Required fields are marked *