ਰੂਸ ਤੋਂ 50 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੱਚਾ ਤੇਲ ਖਰੀਦਣਾ ਚਾਹੁੰਦੈ ਪਾਕਿਸਤਾਨ

ਇਸਲਾਮਾਬਾਦ – ਨਕਦੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਰੂਸ ਤੋਂ 50 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਕੱਚਾ ਤੇਲ ਖਰੀਦਣ ਲਈ ਸਖਤ ਕੋਸ਼ਿਸ਼ ਕਰ ਰਿਹਾ ਹੈ। ਇਹ ਕੀਮਤ ਯੂਕ੍ਰੇਨ-ਰੂਸ ਜੰਗ ਕਾਰਨ ਜੀ-7 ਦੇਸ਼ਾਂ ਵੱਲੋਂ ਤੈਅ ਮੁੱਲ ਹੱਦ 10 ਡਾਲਰ ਪ੍ਰਤੀ ਬੈਰਲ ਘੱਟ ਹੈ। ਐਤਵਾਰ ਨੂੰ ਪ੍ਰਕਾਸ਼ਿਤ ਕੁੱਝ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਕੱਚਾ ਤੇਲ ਇਸ ਸਮੇਂ ਦੁਨੀਆਭਰ ਵਿਚ 82.78 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ। ਭਾਰੀ ਕਰਜ਼ਾ ਅਤੇ ਕਮਜ਼ੋਰ ਕਰੰਸੀ ਸੰਕਟ ਨਾਲ ਜੂਝ ਰਿਹਾ ਪਾਕਿਸਤਾਨ ਰੂਸ ਤੋਂ ਰਿਆਇਤੀ ਦਰਾਂ ਉੱਤੇ ਕੱਚਾ ਤੇਲ ਖਰੀਦਣ ਲਈ ਉਤਾਵਲਾ ਹੈ। ਸਮਾਚਾਰ ਪੱਤਰ ‘ਦਿ ਨਿਊਜ਼’ ਅਨੁਸਾਰ ਰਿਆਇਤੀ ਦਰਾਂ ਉੱਤੇ ਕੱਚਾ ਤੇਲ ਖਰੀਦਣ ਦੀ ਪਾਕਿਸਤਾਨ ਦੀ ਅਪੀਲ ਉੱਤੇ ਮਾਸਕੋ ਉਦੋਂ ਪ੍ਰਤੀਕਿਰਿਆ ਦੇਵੇਗਾ, ਜਦੋਂ ਗੁਆਂਢੀ ਦੇਸ਼ ਭੁਗਤਾਨ ਦਾ ਮਾਧਿਅਮ, ਪ੍ਰੀਮੀਅਮ ਅਤੇ ਬੀਮੇ ਨਾਲ ਟਰਾਂਸਪੋਰਟ ਦਰ ਸਬੰਧੀ ਰਸਮਾਂ ਪੂਰੀਆਂ ਕਰ ਲਵੇਗਾ।

ਮਾਸਕੋ ਤੋਂ ਕੱਚੇ ਤੇਲ ਦੀ ਪਹਿਲੀ ਖੇਪ ਅਗਲੇ ਮਹੀਨੇ ਦੇ ਅੰਤ ਤੱਕ ਪਾਕਿਸਤਾਨ ਪਹੁੰਚ ਸਕਦੀ ਹੈ। ਇਸ ਤੋਂ ਬਾਅਦ ਭਵਿੱਖ ਵਿਚ ਹੋਰ ਵੱਡਾ ਸੌਦਾ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਰੂਸ ਦੀਆਂ ਬੰਦਰਗਾਹਾਂ ਤੋਂ ਕੱਚਾ ਤੇਲ ਪੁੱਜਣ ਵਿਚ 30 ਦਿਨ ਲੱਗਣਗੇ। ਅਜਿਹੇ ਵਿਚ ਟਰਾਂਸਪੋਰਟ ਲਾਗਤ ਕਾਰਨ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 10-15 ਡਾਲਰ ਵੱਧ ਜਾਵੇਗੀ। ਸੂਤਰਾਂ ਅਨੁਸਾਰ ਰੂਸ ਪਹਿਲਾਂ ਤੇਲ ਸਮਝੌਤਾ ਕਰਨ ਦੇ ਸਬੰਧ ਵਿਚ ਪਾਕਿਸਤਾਨ ਦੀ ਸਥਿਤੀ ਨੂੰ ਲੈ ਕੇ ਚਿੰਤਤ ਸੀ ਪਰ ਹਾਲ ਹੀ ਵਿਚ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਬੈਠਕ ਤੋਂ ਬਾਅਦ ਮਾਸਕੋ ਨੇ ਇਸਲਾਮਾਬਾਦ ਨੂੰ ਸ਼ੁਰੂਆਤ ਵਿਚ ਤੇਲ ਦਾ ਇਕ ਜਹਾਜ਼ ਭੇਜਣ ਉੱਤੇ ਸਹਿਮਤੀ ਜਤਾਈ ਹੈ। ਰਿਪੋਰਟ ਅਨੁਸਾਰ ਹਾਲਾਂਕਿ ਪਾਕਿਸਤਾਨ ਵਿਚ ਅਮਰੀਕੀ ਡਾਲਰ ਦਾ ਸੰਕਟ ਹੈ ਤਾਂ ਉਹ ਰੂਸ ਨੂੰ ਮਿੱਤਰ ਦੇਸ਼ਾਂ-ਚੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀਆਂ ਕਰੰਸੀਆਂ ਵਿਚ ਭੁਗਤਾਨ ਕਰੇਗਾ। ਰੂਸ ਨੇ ਪਿਛਲੇ ਸਾਲ ਦਸੰਬਰ ਵਿਚ 30 ਫੀਸਦੀ ਰਿਆਇਤ ਉੱਤੇ ਕੱਚਾ ਤੇਲ ਦੇਣ ਦੀ ਪਾਕਿਸਤਾਨ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ।

Add a Comment

Your email address will not be published. Required fields are marked *