ਅਮਰੀਕਾ ’ਚ ਤੇਜ਼ੀ ਨਾਲ ਫੈਲ ਰਹੀ ਹੈ ਮੰਕੀਪਾਕਸ ਬੀਮਾਰੀ

ਕੋਵਿਡ-19 ਤੋਂ ਬਾਅਦ ਮੰਕੀਪਾਕਸ ਬੜੀ ਤੇਜ਼ੀ ਨਾਲ ਦੁਨੀਆ ਵਿਚ ਫੈਲ ਰਿਹਾ ਹੈ। ਵਿਸ਼ਵ ਪੱਧਰ ’ਤੇ 99 ਦੇਸ਼ਾਂ ’ਚ ਹੁਣ ਤੱਕ ਇਸ ਦੇ 47,652 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 13 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਭਾਰਤ ’ਚ ਵੀ 10 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਬੀਮਾਰੀ ਅਮਰੀਕਾ ’ਚ ਬਹੁਤ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ, ਜਿੱਥੇ ਹੁਣ ਤੱਕ ਇਸ ਬੀਮਾਰੀ ਨਾਲ 17,431 ਲੋਕ ਪੀੜਤ ਹੋ ਚੁੱਕੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਮਰੀਕਾ ਨੇ ਇਸ ਨੂੰ ਜਨ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ।

ਇੰਡੋਨੇਸ਼ੀਆ ’ਚ ਪਹਿਲਾ ਮਾਮਲਾ ਆਇਆ ਸਾਹਮਣੇ

ਇੰਡੋਨੇਸ਼ੀਆ ’ਚ ਵੀ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇੰਡੋਨੇਸ਼ੀਆ ’ਚ ਇਕ 27 ਸਾਲਾ ਵਿਅਕਤੀ ’ਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਜੋ ਵਿਦੇਸ਼ ਯਾਤਰਾ ਤੋਂ ਪਰਤਿਆ ਸੀ। ਉੱਥੇ ਹੀ ਕਿਊਬਾ ਨੇ ਵੀ ਮੰਕੀਪਾਕਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਬਾਰੇ ਦੇਸ਼ ਦੇ ਜਨ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਫ਼ਤੇ ਇਟਲੀ ਤੋਂ ਆਏ ਇਕ ਸੈਲਾਨੀ ’ਚ ਇਨਫੈਕਸ਼ਨ ਦਾ ਪਤਾ ਲੱਗਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਯਾਤਰੀ ਕੈਰੇਬੀਅਨ ਸਮੇਤ ਪੱਛਮ ਦੇ ਦੇਸ਼ਾਂ ਦੀ ਯਾਤਰਾ ਕਰ ਕੇ ਵਾਪਸ ਪਰਤਿਆ ਹੈ। ਇਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਦਿੱਲੀ ’ਚ ਮੰਕੀਪਾਕਸ ਦਾ 5ਵਾਂ ਮਰੀਜ਼

ਉੱਥੇ ਹੀ, ਹਾਲ ਹੀ ’ਚ ਦਿੱਲੀ ’ਚ ਮੰਕੀਪਾਕਸ ਦਾ 5ਵਾਂ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਦੋਂ ਨਾਈਜੀਰੀਆ ਤੋਂ ਵਾਪਸ ਆਈ ਇਕ ਔਰਤ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਔਰਤ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਆਈ. ਸੀ. ਐੱਮ. ਆਰ-ਐੱਨ. ਆਈ. ਵੀ.) ਦੇ ਖੋਜਕਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ’ਚ ਰਿਪੋਰਟ ਕੀਤੇ ਗਏ ਪਹਿਲੇ 2 ਮਾਮਲਿਆਂ ’ਚ ਮਰੀਜ਼ ਮੰਕੀਪਾਕਸ ਵਾਇਰਸ ਸਟ੍ਰੇਨ ਏ-2 ਤੋਂ ਪੀੜਤ ਸਨ। ਇਹ ਯਾਤਰੀ ਯੂ. ਏ. ਈ. ਤੋਂ ਭਾਰਤ ਪਰਤੇ ਸਨ। ਆਈ. ਸੀ. ਐੱਮ. ਆਰ-ਐੱਨ. ਆਈ. ਵੀ. ਦੀ ਸੀਨੀਅਰ ਵਿਗਿਆਨੀ ਡਾ. ਪ੍ਰਗਿਆ ਯਾਦਵ ਦੀ ਅਗਵਾਈ ’ਚ ਕੀਤੀ ਗਈ ਰਿਸਰਚ ਅਨੁਸਾਰ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਵਾਪਸ ਆਏ ਦੋ ਮਰੀਜ਼ਾਂ ਦੇ ਜੀਨੋਮ ਸੀਕੁਐਂਸਿੰਗ ਤੋਂ ਪਤਾ ਲੱਗਾ ਹੈ ਕਿ ਉਹ ਮੰਕੀਪਾਕਸ ਵਾਇਰਸ ਸਟ੍ਰੇਨ ਏ-2 ਤੋਂ ਪੀੜਤ ਸਨ, ਜੋ ਕਿ ਯੂਰਪ ’ਚ ਫੈਲੇ ਇਨਫੈਕਸ਼ਨ ਤੋਂ ਵੱਖਰਾ ਹੈ।

Add a Comment

Your email address will not be published. Required fields are marked *