ਹਕੂਮਤਾਂ ਤੋਂ ਇਨਸਾਫ਼ ਦੀ ਆਸ ਨਹੀਂ ਰਹੀ: ਬਲਕੌਰ ਸਿੰਘ

ਮਾਨਸਾ, 9 ਅਕਤੂਬਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਖ਼ਰਾਬ ਸਿਹਤ ਕਾਰਨ ਗ਼ੈਰਹਾਜ਼ਰ ਸਨ ਅਤੇ ਹੁਣ ਮੁੜ ਸੰਘਰਸ਼ ਵਿੱਚ ਜੁਟ ਗਏ ਹਨ। ਉਹ ਅੱਜ ਪਿੰਡ ਮੂਸਾ ਵਿੱਚ ਪਹੁੰਚੇ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਇੱਕ-ਦੋ ਕਲਾਕਾਰਾਂ ਨੂੰ ਛੱਡ ਕੇ ਬਾਕੀ ਸਾਰੀ ਪੰਜਾਬੀ ਇੰਡਸਟਰੀ ਇਸ ਮਸਲੇ ’ਤੇ ਚੁੱਪ ਹੈ ਤੇ ਸਿੱਧੂ ਦੇ ਹੱਕ ’ਚ ਆਵਾਜ਼ ਚੁੱਕਣ ਵਾਲੀਆਂ ਦੋਵੇਂ ਕਲਾਕਾਰ ਕੁੜੀਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਲਈ ਪੰਜਾਬ ਸਰਕਾਰ ਹੀ ਨਹੀਂ, ਸਗੋਂ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਨਿਆਂਪਾਲਿਕਾ ਪ੍ਰਤੀ ਵੀ ਗੁੱਸਾ ਹੈ ਕਿਉਂਕਿ ਨਿਆਂਪਾਲਿਕਾ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਜੱਗੂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੀ ਹੈ, ਪਰ ਉਨ੍ਹਾਂ ਦੇ ਪੁੱਤਰ ਦੇ ਮਨੁੱਖੀ ਅਧਿਕਾਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਹਕੂਮਤਾਂ ਤੋਂ ਇਨਸਾਫ ਦੀ ਆਸ ਨਹੀਂ ਰਹੀ। ਉਨ੍ਹਾਂ ਕਿਹਾ ਕਿ ਬਰਖ਼ਾਸਤ ਕੀਤੇ ਸੀਆਈਏ ਦੇ ਇੰਚਾਰਜ ਪ੍ਰਿਤਪਾਲ ਸਿੰਘ ਤੋਂ ਉਨ੍ਹਾਂ ਨੂੰ ਬਹੁਤ ਆਸ ਸੀ, ਪਰ ਹੁਣ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਹਨ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਰਕਾਰ ਨੇ 20 ਦਿਨਾਂ ਦਾ ਸਮਾਂ ਮੰਗਿਆ ਸੀ, ਪਰ 5 ਮਹੀਨਿਆਂ ਮਗਰੋਂ ਵੀ ਉਹ ਇਨਸਾਫ਼ ਦੀ ਉਡੀਕ ਕਰ ਰਹੇ ਹਨ। 

‘ਗਾਇਕਾ ਜੈਨੀ ਜੌਹਲ ਲਈ ਜੇਲ੍ਹ ਜਾਣ ਤੋਂ ਗੁਰੇਜ਼ ਨਹੀਂ ਕਰਾਂਗੇ’

ਪੰਜਾਬੀ ਗਾਇਕਾ ਜੈਨੀ ਜੌਹਲ ਦੇ ਗੀਤ ‘ਲੈਟਰ ਟੂ ਸੀਐੱਮ’ ਨੂੰ ਯੂਟਿਊੁਬ ਤੋਂ ਹਟਾਉਣ ਮਗਰੋਂ ਉਸ ਨੂੰ ਮਿਲ ਰਹੀਆਂ ਧਮਕੀਆਂ ਦੇ ਵਿਰੋਧ ਵਿੱਚ ਮੂਸੇਵਾਲਾ ਪਰਿਵਾਰ ਗਾਇਕਾ ਦੇ ਹੱਕ ਵਿੱਚ ਖੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਜੈਨੀ ਨੇ ਸਾਡਾ ਦਰਦ ਜਾਣਿਆ ਹੈ। ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਜੈਨੀ ਲਈ ਜੇਲ੍ਹ ਜਾਣ ਤੋਂ ਗੁਰੇਜ਼ ਨਹੀਂ ਕਰਾਂਗੇ। ਉਨ੍ਹਾਂ ਪੂਰੀ ਪੰਜਾਬੀ ਇੰਡਸਟਰੀ ਦੇ ਚੁੱਪ ਰਹਿਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੈਨੀ ਦੇ ਗੀਤ ਨੇ ਸਾਨੂੰ ਧਰਵਾਸ ਦਿੱਤਾ ਹੈ।  

Add a Comment

Your email address will not be published. Required fields are marked *